ਲੁਧਿਆਣਾ: ਪੰਜਾਬ ਪੁਲਿਸ 'ਤੇ ਸਰਕਾਰ ਦੇ ਮੰਤਰੀਆਂ ਨੂੰ ਹੀ ਯਕੀਨ ਨਹੀਂ। ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪੁਲਿਸ 'ਤੇ ਵੱਡੇ ਸਵਾਲ ਉਠਾਏ ਹਨ। ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਜੋਸ਼ੀ ਨੇ ਆਪਣੀ ਹੀ ਸਰਕਾਰ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚਾਰ ਦਿਨ ਹੋ ਗਏ ਮੁਲਜ਼ਮਾਂ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ।
ਜੋਸ਼ੀ ਨੇ ਕਿਹਾ ਕਿ ਜੋ ਐਸ.ਆਈ.ਟੀ. ਬਣਾਈ ਗਈ ਹੈ, ਉਸ ਨਾਲ ਕੋਈ ਸਿੱਟਾ ਸਾਹਮਣੇ ਨਹੀਂ ਆਇਆ। ਪੁਲਿਸ ਵੀ ਆਪਣੇ ਕੰਮ ਤੋਂ ਭਟਕ ਗਈ ਹੈ। ਪੁਲਿਸ ਨੂੰ ਦੂਜੇ ਸਾਰੇ ਕੰਮ ਭੁੱਲ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਜੋਸ਼ੀ ਨੇ ਕਿਹਾ ਉਹ ਇਸ ਮੁੱਦੇ 'ਤੇ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨਗੇ ਕਿਉਂਕਿ ਜੋ ਐਸ.ਆਈ.ਟੀ ਬਣਾਈ ਗਈ ਸੀ, ਉਸ ਤੋਂ ਕੋਈ ਕੰਮ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੇ ਤਾਂ ਇਸ ਮਾਮਲੇ ਦੀ ਜਾਂਚ ਵੱਡੀ ਏਜੰਸੀ ਤੋਂ ਕਰਵਾਈ ਜਾ ਸਕਦੀ ਹੈ ਕਿਉਂਕਿ ਅਜਿਹੇ ਹਮਲਿਆਂ ਨਾਲ ਪੰਜਾਬ ਵਿੱਚ ਵੱਸਦੇ ਹਿੰਦੂਆਂ ਵਿੱਚ ਡਰ ਪੈਦਾ ਹੋ ਰਿਹਾ ਹੈ। ਗਗਨੇਜਾ ਦਾ ਹਾਲ ਪੁੱਛਣ ਲਈ ਪੁੱਜੇ ਜੋਸ਼ੀ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਗਗਨੇਜਾ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਸੀ। ਚਾਹੇ ਸੰਗਠਨ ਦੀ ਸੇਵਾ ਕਰਨ ਵਾਲੇ ਲੋਕ ਸੁਰੱਖਿਆ ਨਹੀਂ ਲੈਂਦੇ ਪਰ ਸਰਕਾਰ ਤੇ ਪੁਲਿਸ ਨੂੰ ਧਿਆਨ ਰੱਖਣਾ ਚਾਹੀਦਾ ਸੀ।