ਚੰਡੀਗੜ੍ਹ: ਸਾਉਦੀ ਅਰਬ ਵਿੱਚ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬਰਨਾਲਾ ਨੇੜਲੇ ਪਿੰਡ ਮਹਿਲਾ ਖ਼ੁਰਦ ਦੇ ਨੌਜਵਾਨ ਅਰਸ਼ਦੀਨ ਦੀ ਲਾਸ਼ ਕਰੀਬ ਤਿੰਨ ਮਹੀਨੇ ਬਾਅਦ ਭਾਰਤ ਲਿਆਂਦੀ ਗਈ ਹੈ। ਅਰਸ਼ਦੀਨ ਦੇ ਪਿਤਾ ਖਲੀਲ ਖ਼ਾਨ ਨੇ ਦੱਸਿਆ ਕਿ ਉਸ ਦਾ ਬੇਟਾ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਸਾਉਦੀ ਅਰਬ ਗਿਆ ਸੀ ਪਰ ਕੰਮ ਦੌਰਾਨ ਉੱਥੇ ਉਸ ਦੀ ਗੱਡੀ ਪਲਟ ਗਈ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਖਲੀਲ ਖ਼ਾਨ ਨੇ ਦੱਸਿਆ ਕਿ ਉਦੋਂ ਤੋਂ ਹੀ ਉਹ ਆਪਣੇ ਬੇਟੇ ਦੀ ਲਾਸ਼ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਅਤੇ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਜਿਸ ਤੋਂ ਬਾਅਦ ਲਾਸ਼ ਭਾਰਤ ਆਈ ਹੈ। ਚੰਡੀਗੜ੍ਹ ਹਵਾਈ ਅੱਡੇ ਉਤੇ ਸਾਂਸਦ ਭਗਵੰਤ ਮਾਨ ਨੇ ਖੁਦ ਪੀੜਤ ਪਰਿਵਾਰ ਨਾਲ ਅਰਸ਼ਦੀਨ ਦੀ ਮ੍ਰਿਤਕ ਦੇੇਹ ਅਧਿਕਾਰੀਆਂ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਅਰਸ਼ਦੀਨ ਦੀਆਂ ਅੰਤਮ ਰਸਮਾ ਵਿੱਚ ਵੀ ਉਸ ਦੀ ਪਿੰਡ ਜਾ ਕੇ ਹਿੱਸਾ ਲਿਆ।
ਖਲੀਲ ਖ਼ਾਨ ਨੇ ਦੱਸਿਆ ਕਿ ਅਰਸ਼ਦੀਨ ਦੇ ਦੋ ਬੱਚੇ ਹਨ ਤੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਉਸ ਨੇ ਕਰਜ਼ਾ ਚੁੱਕ ਕੇ ਬੇਟੇ ਨੂੰ ਵਿਦੇਸ਼ ਭੇਜਿਆ ਸੀ ਪਰ ਉਸ ਦੀ ਮੌਤ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਜਿਸ ਬੇਟੇ ਨੂੰ ਪੰਦਰਾਂ ਮਹੀਨੇ ਪਹਿਲਾ ਉਹ ਹਵਾਈ ਅੱਡੇ ਉੱਤੇ ਛੱਡਣ ਆਇਆ ਸੀ, ਉਸ ਦੀ ਲਾਸ਼ ਲੈਣ ਲਈ ਉਹ ਹਵਾਈ ਅੱਡੇ ਉੱਤੇ ਆਇਆ ਹੈ।