ਚੰਡੀਗੜ੍ਹ: ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ 'ਤੇ ਹਮਲੇ ਕਰਨ ਵਾਲਿਆਂ ਨੂੰ ਫੜਨ ਲਈ ਪੁਲਿਸ ਨੇ ਪੂਰੀ ਵਾਹ ਲਾ ਦਿੱਤੀ ਹੈ। ਪੁਲਿਸ ਦੇ ਦਿਨ-ਰਾਤ ਸੀਸੀਟੀਵੀ ਫੁਟੇਜ ਖੰਗਾਲ ਕੇ ਸ਼ੱਕੀ ਹਮਲਾਵਰਾਂ ਦੀ ਫੋਟੋ ਜਾਰੀ ਕੀਤੀ ਹੈ। ਇਸ ਫੋਟੋ ਵਿੱਚ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹਨ। ਉਨ੍ਹਾਂ ਨੇ ਮੂੰਹ 'ਤੇ ਕੱਪੜਾ ਲਪੇਟਿਆ ਹੋਇਆ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਐਲਾਨ ਕੀਤਾ ਹੈ ਕਿ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਸੂਚਨਾ ਦੇਣ ਵਾਲੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਏਗੀ। ਪੁਲਿਸ ਸੀਸੀਵੀਟੀ ਫੁਟੇਜ ਵਿੱਚੋਂ ਲਈ ਫੋਟੋ ਨੂੰ ਵਾਇਰਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਹਮਲੇ ਪਿੱਛੇ ਸਥਾਨਕ ਨੌਜਵਾਨ ਹੀ ਸ਼ਾਮਲ ਸਨ।
ਪੁਲਿਸ ਨੇ ਹਮਲਾਵਰਾਂ ਤੱਕ ਪਹੁੰਚਣ ਲਈ 10 ਟੀਮਾਂ ਬਣਾਈਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਇਸ ਮਾਮਲੇ ਬਾਰੇ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਹ ਕਿਸੇ ਨਿੱਜੀ ਰੰਜ਼ਿਸ਼ ਦਾ ਸਿੱਟਾ ਨਹੀਂ ਬਲਕਿ ਇਸ ਪਿੱਛੇ ਅੱਤਵਾਦੀ ਜਥੇਬੰਦੀਆਂ ਦਾ ਹੱਥ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਕੰਮ ਲਈ ਵਿਦੇਸ਼ਾਂ ਤੋਂ ਫੰਡਿੰਗ ਹੋਈ ਹੋ ਸਕਦੀ ਹੈ।
ਉੱਧਰ, ਪਤਾ ਲੱਗਾ ਹੈ ਕਿ ਗਗਨੇਜਾ ਦੀ ਹਾਲਤ ਅਜੇ ਵੀ ਗੰਭੀਰ ਹੈ। ਅਜੇ ਵੀ ਤਿੰਨ ਗੋਲੀਆਂ ਉਸ ਦੇ ਸਰੀਰ ਅੰਦਰ ਹਨ। ਡਾਕਟਰਾਂ ਮੁਤਾਬਕ ਗੋਲੀਆਂ ਅੰਦਰ ਹੋਣ ਕਾਰਨ ਇਨਫੈਕਸ਼ਨ ਫੈਲਣ ਦਾ ਡਰ ਹੈ।