ਚੰਡੀਗੜ੍ਹ: ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਮੁਹਿੰਮ "ਪੰਜਾਬ ਪੰਜਾਬੀਆਂ ਦਾ" ਦੇ ਮੁੱਦੇ ਉੱਤੇ ਬੋਲਦਿਆਂ ਸਾਂਸਦ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਵਿੱਚ ਪੰਜਾਬੀ ਹੀ ਰਹਿੰਦੇ ਹਨ ਕੋਈ ਬਾਹਰ ਦਾ ਨਹੀਂ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਨਸ਼ੇ ਉੱਤੇ ਪੰਜਾਬ ਨੂੰ ਕੋਈ ਵੀ ਬਦਨਾਮ ਨਹੀਂ ਕਰ ਰਿਹਾ ਸਗੋਂ ਸੂਬੇ ਦੀ ਹਕੀਕਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੀ ਥਾਂ ਪੰਜਾਬ ਬਣਾਉਣ ਦੀ ਜ਼ਿਆਦਾ ਲੋੜ ਹੈ।
ਉਨ੍ਹਾਂ ਆਖਿਆ ਕਿ ਬਿਕਰਮ ਮਜੀਠੀਆ ਝੂਠ ਉੱਤੇ ਪਰਦਾ ਪਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਿੱਚ ਅਕਾਲੀ ਦਲ ਦੀ ਭੂਮਿਕਾ ਹੈ ਤੇ ਕਈ ਨੌਜਵਾਨਾਂ ਦੀ ਮੌਤ ਚਿੱਟੇ ਕਾਰਨ ਹੋ ਚੁੱਕੀ ਹੈ। ਨਾਲ ਹੀ ਭਗਵੰਤ ਨੇ ਆਖਿਆ ਕਿ ਅਕਾਲੀਆਂ ਦੇ ਦਾਅਵਿਆਂ ਦਾ ਜਵਾਬ ਸੂਬੇ ਦੇ ਲੋਕ 2017 ਵਿੱਚ ਦੇਣਗੇ।
ਭਗਵੰਤ ਨੇ ਫਿਰ ਤੋਂ ਦੁਹਰਾਇਆ ਕਿ ਪੰਜਾਬ ਨਸ਼ੇ ਖ਼ਾਸ ਕਰ ਕੇ ਚਿੱਟੇ ਨੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਅਕਾਲੀ ਦਲ ਗੁੰਮਰਾਹ ਕਰ ਰਿਹਾ ਹੈ। ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਬਾਰੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਇਹ ਛੇਤੀ ਹੀ ਐਲਾਨ ਦਿੱਤੀ ਜਾਵੇਗੀ।
ਨਾਲ ਹੀ ਉਨ੍ਹਾਂ ਦੱਸਿਆ ਕਿ ਦੂਜੀ ਸੂਚੀ ਵਿੱਚ 15 ਦੇ ਕਰੀਬ ਉਮੀਦਵਾਰ ਹੋਣਗੇ। ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਪਾਰਟੀ ਪਾਰਟੀ ਵੱਲੋਂ ਜਾਰੀ ਕੀਤੀ ਗਈ 19 ਉਮੀਦਵਾਰਾਂ ਦੀ ਸੂਚੀ ਵਾਂਗ ਦੂਜੀ ਸੂਚੀ ਵਿੱਚ ਯੋਗ ਉਮੀਦਵਾਰਾਂ ਨੂੰ ਥਾਂ ਦਿੱਤੀ ਜਾਵੇਗੀ।