ਕੈਲੀਫੋਰਨੀਆ: ਡਾ. ਹਰਕੀਰਤ ਸਿੰਘ ਤੇ ਦੀਪਤਾ ਢਿੱਲੋਂ ਨੂੰ 'ਸਿੱਖ ਤੇ ਪੰਜਾਬੀ ਸੱਭਿਆਚਾਰ ਦੇ ਇਤਿਹਾਸ' ਵਿਸ਼ੇ ਵਿੱਚ ਖੋਜ ਕਰਨ ਲਈ ਕੈਲੀਫੋਰਨੀਆ ਦੀ ਰਿਵਰਸਾਈਡ ਯੂਨੀਵਰਸਿਟੀ ਵੱਲੋਂ ਇੱਕ ਲੱਖ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕਾ ਵੱਸਦੇ ਸਿੱਖ ਵਿਦਿਆਰਥੀਆਂ ਦਾ ਸਿੱਖ ਤੇ ਪੰਜਾਬੀ ਸੱਭਿਆਚਾਰ ਵਿਸ਼ੇ ਲਈ ਰੁਚੀ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਡਾ. ਹਰਕੀਰਤ ਸਿੰਘ ਤੇ ਦੀਪਤਾ ਢਿੱਲੋਂ ਪਿਛਲੇ 14 ਸਾਲਾਂ ਤੋਂ ਯੂਨੀਵਰਸਿਟੀ ਦੇ ਫਾਊਂਡੇਸ਼ਨ ਬੋਰਡ ਆਫ ਟਰੱਸਟੀਜ਼ ਦੇ ਮੈਂਬਰ ਹਨ। ਇਸ ਦੌਰਾਨ ਉਨ੍ਹਾਂ ਫੰਡ ਇਕੱਠੇ ਕਰਕੇ 2008 ਵਿੱਚ ਯੂਨੀ ਵਰਸਿਟੀ ਵਿੱਚ ਸਿੱਖ ਸਟੱਡੀਜ਼ ਦੀ ਚੇਅਰ ਸਥਾਪਤ ਕੀਤੀ। ਯੂਨੀਵਰਸਿਟੀ ਪ੍ਰੋਫੈਸਰਾਂ ਦਾ ਮੰਨਣਾ ਹੈ ਕਿ ਢਿੱਲੋਂ ਜੋੜੇ ਨੂੰ ਇਹ ਤੋਹਫਾ ਉਨ੍ਹਾਂ ਦੇ ਆਰਟਸ ਤੇ ਹਿਊਮੈਨਟੀਜ਼ ਵਿਸ਼ੇ ਲਈ ਜਾਨੂੰਨ ਤੇ ਸਿੱਖ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਦੀ ਇੱਛਾ ਦਾ ਫਲ ਹੈ।
ਢਿੱਲੋਂ ਜੋੜਾ ਰਿਸਰਚ ਐਵਾਰਡ ਮਿਲਣ 'ਤੇ ਯੂਨੀਵਰਸਿਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਐਵਾਰਡ ਯੂਨੀਵਰਸਿਟੀ ਦੇ ਗ੍ਰੈਜ਼ੂਏਟਸ ਨੂੰ ਸਿੱਖ ਤੇ ਪੰਜਾਬੀ ਸੰਗੀਤ, ਸੱਭਿਆਚਾਰ, ਸਿੱਖਾਂ ਦਾ ਇਤਿਹਾਸ ਤੇ ਅਮਰੀਕੀ ਸਿੱਖਾਂ ਬਾਰੇ ਖੋਜ ਕਰਨ ਲਈ ਆਕਰਸ਼ਿਤ ਕਰੇਗਾ। ਡਾ. ਹਰਕੀਰਤ ਸਿੰਘ ਪੇਸ਼ੇ ਵਜੋਂ ਡਾਕਟਰ ਹਨ ਤੇ ਪਤਨੀ ਦੀਪਤਾ ਢਿੱਲੋਂ ਆਰਕੀਟੈਕਟ ਹੈ।