ਫਰੈਂਕਫਰਟ: ਸਿੱਖ ਮਾਰਸ਼ਲ ਜੰਗੀ ਕਲਾ ਗਤਕਾ ਅੱਜ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦਾ ਸ਼ਿੰਗਾਰ ਬਣ ਰਿਹਾ ਹੈ। ਗਤਕੇ ਦੇ ਜੌਹਰ ਵਿੱਚ ਆਪਣਾ ਖਾਸ ਮੁਕਾਮ ਹਾਸਲ ਕਰ ਚੁੱਕੇ ਬੀਰ ਖਾਲਸਾ ਗੱਤਕਾ ਅਖਾੜਾ ਨੇ ਹੁਣ ਜਰਮਨੀ ਦੇ ਮਸ਼ਹੂਰ ਟੀ.ਵੀ. ਸ਼ੋਅ ‘ਦਸ ਸੁਪਰ ਟੇਲੈਂਟ’ ਦੇ ਸੈਮੀਫਾਈਨਲ ਵਿੱਚ ਅਪਣਾ ਥਾਂ ਬਣਾਇਆ ਹੈ।
ਜਰਮਨੀ ਟੀਵੀ 'ਤੇ ਚੱਲਣ ਵਾਲੇ ਮਸ਼ਹੂਰ ਸ਼ੋਅ ਵਿੱਚ ਬੀਰ ਖਾਲਸਾ ਗੱਤਕਾ ਦੇ ਜੁਝਾਰੂਆਂ ਨੇ ਆਪਣੀ ਕਲਾ ਨਾਲ ਜੱਜਾਂ ਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਤੇ ਸੈਮੀਫਾਈਨਲ ‘ਚ ਥਾਂ ਹਾਸਲ ਕੀਤੀ। ਪੂਰੇ ਭਾਰਤ ‘ਚੋਂ ਕੇਵਲ ਬੀਰ ਖਾਲਸਾ ਗੱਤਕਾ ਦਲ ਨੂੰ ਇਸ ਮੁਕਾਬਲੇ ‘ਚ ਆਉਣ ਲਈ ਖਾਸ ਸੱਦਾ ਦਿੱਤਾ ਗਿਆ ਸੀ।
ਬੀਰ ਖਾਲਸਾ ਗੱਤਕਾ ਦਲ ਇਸ ਤੋਂ ਪਹਿਲਾਂ ‘ਇੰਡੀਆ ਗੌਟ ਟੇਲੈਂਟ’, ਏਸ਼ੀਆ ਗੌਟ ਟੇਲੈਂਟ’, ‘ਚੈਕੋਸਲੋਵਾਕੀਆ ਗੌਟ ਟੇਲੈਂਟ’ ‘ਚ ਵੀ ਆਪਣੀ ਕਲਾ ਦੀ ਪੇਸ਼ਕਾਰੀ ਨਾਲ ਸਭ ਨੂੰ ਹੈਰਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ‘ਗਿਨੀਜ਼ ਵਰਲਡ ਰਿਕਾਰਡ’ ‘ਚ ਵੀ ਗੱਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਿੰਨ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਹਨ।
ਹੁਣ ਜਰਮਨੀ ਦੇ ਟੀਵੀ ਸ਼ੋਅ ‘ਦਸ ਸੁਪਰ ਟੇਲੈਂਟ’ ‘ਚ ਬੀਰ ਖਾਲਸਾ ਗੱਤਕਾ ਦਲ ਦੀ ਅੱਠ ਮੈਂਬਰੀ ਟੀਮ ਦੇ ਮੁਖੀ ਕੰਵਲਜੀਤ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਬਲਵੰਤ ਸਿੰਘ, ਜਸਮੀਤ ਸਿੰਘ, ਕਰਮਜੀਤ ਸਿੰਘ ਤੇ ਗੁਰਜੀਤ ਸਿੰਘ ਆਪਣੇ ਗੱਤਕੇ ਦੇ ਜੌਹਰ ਸੈਮੀਫਾਈਨਲ ‘ਚ ਦਿਖਾਉਣ ਲਈ ਪ੍ਰੈਕਟਿਸ ਕਰ ਰਹੇ ਹਨ।