ਮੋਹਾਲੀ: ਇੱਕ ਆਈਟੀ ਇੰਜਨੀਅਰ ਨੇ ਘਰੇਲੂ ਕਲੇਸ਼ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ। ਇੰਜਨੀਅਰ ਦੀ ਲਾਸ਼ ਘਰ ਅੰਦਰ ਲਟਕਦੀ ਮਿਲੀ। ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ। ਇਸ 'ਚ ਉਸ ਨੇ ਆਪਣੀ ਪਤਨੀ, ਸੱਸ, ਸਾਲੇ ਅਤੇ ਸਾਲੀ 'ਤੇ ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਸੁਸਾਈਡ 'ਚ ਦਿੱਤੇ ਵਿਅਕਤੀਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।


 

 

ਜਾਣਕਾਰੀ ਮੁਤਾਬਕ 28 ਸਾਲਾ ਆਈਟੀ ਇੰਜਨੀਅਰ ਨਿਤਿਨ ਦੀ 5 ਸਾਲ ਪਹਿਲਾਂ ਸ਼ਿਲਪੀ ਨਾਲ ਲਵ ਮੈਰਿਜ ਹੋਈ ਸੀ। ਪਰ ਸ਼ਿਲਪੀ ਲਗਾਤਾਰ ਉਸ ਦੇ ਚਰਿੱਤਰ ਨੂੰ ਲੈਕੇ ਸ਼ੱਕ ਕਰਦੀ ਸੀ। ਨਿਤਿਨ ਦਾ ਸਹੁਰਾ ਪਰਿਵਾਰ ਵੱਲੋਂ ਵੀ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅਜਿਹੇ 'ਚ ਲਗਾਤਾਰ ਕਲੇਸ਼ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਨਿਤਿਨ ਨੇ ਕੱਲ੍ਹ ਆਪਣੇ ਸੈਕਟਰ 91 ਦੇ ਘਰ 'ਚ ਫਾਹਾ ਲਾ ਕੇ ਜਾਨ ਦੇ ਦਿੱਤੀ। ਨਿਤਿਨ ਦੀ ਲਾਸ਼ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ ਹੈ।

 

 

ਆਪਣੇ ਖੁਦਕੁਸ਼ੀ ਨੋਟ 'ਚ ਨਿਤਿਨ ਨੇ ਲਿਖਿਆ ਹੈ ਕਿ ਮੇਰੀ ਪਤਨੀ ਸ਼ਿਲਪੀ ਮੇਰੇ ਚਰਿੱਤਰ ਨੂੰ ਲੈ ਕੇ ਸ਼ੱਕ ਕਰਦੀ ਹੈ। ਪਰ ਮੇਰਾ ਸਾਲਾ ਸਤਿੰਦਰ ਖੰਨਾ, ਸੱਸ ਅਰੁਣਾ ਖੰਨਾ ਤੇ ਸਾਲੀ ਨੇਹਾ ਲਗਾਤਾਰ ਉਸ ਦਾ ਸਾਥ ਦਿੰਦੇ ਹਨ ਤੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਮੈਂ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ, ਪਰ ਕੋਈ ਮੇਰੇ 'ਤੇ ਯਕੀਨ ਨਹੀਂ ਕਰਦਾ। ਹੁਣ ਬਹੁਤ ਹੋ ਗਿਆ। ਮੈਂ ਆਪਣੀ ਜਿੰਦਗੀ ਖਤਮ ਕਰਨ ਲੱਗਾ ਹਾਂ। ਪਰ ਮੈਂ ਆਪਣੀ ਪਤਨੀ ਸ਼ਿਲਪੀ ਨੂੰ ਬਹੁਤ ਪਿਆਰ ਕਰਦਾ ਹਾਂ, ਉਸ ਦੇ ਖਿਲਾਫ ਕੁੱਝ ਨਾ ਕੀਤਾ ਜਾਵੇ।

 

 

ਫਿਲਹਾਲ ਪੁਲਿਸ ਨੇ ਮ੍ਰਿਤਕ ਨਿਤਿਨ ਦੇ ਪਰਿਵਾਰ ਦੀ ਸ਼ਿਕਾਇਤ ਤੇ ਖੁਦਕੁਸ਼ੀ ਨੋਟ ਨੂੰ ਅਧਾਰ ਬਣਾਉਂਦਿਆਂ ਪਤਨੀ ਸ਼ਿਲਪੀ, ਸਾਲਾ ਸਤਿੰਦਰ ਖੰਨਾ, ਸੱਸ ਅਰੁਣਾ ਖੰਨਾ ਤੇ ਸਾਲੀ ਨੇਹਾ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।