ਅੰਮ੍ਰਿਤਸਰ: ਕੋਈ ਵੀ ਨਿੱਜੀ ਫਰਮ ਗੁਰਬਾਣੀ ਦੇ ਗੁਟਕੇ ਜਾਂ ਪੋਥੀਆਂ ਦੀ ਛਪਾਈ ਨਹੀਂ ਕਰ ਸਕਦੀ। ਅਜਿਹਾ ਕਰਨ ਵਾਲਿਆਂ ਤੇ ਤੁਰੰਤ ਕਾਨੂੰਨੀ ਕਾਰਵਾਈ ਹੋਵੇਗੀ। SGPC ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਦੇ ਗੁਟਕੇ ਤੇ ਪੋਥੀਆਂ ਦੀ ਛਪਾਈ ਕਰਨ ਦਾ ਅਧਿਕਾਰ ਹੈ ਕਿਸੇ ਦੂਜੀ ਫਰਮ ਨੂੰ ਕੋਈ ਹੱਕ ਨਹੀਂ ਹੈ'। ਇਹ ਬਿਆਨ SGPC ਪ੍ਰਧਾਨ ਨੇ ਜਾਰੀ ਕੀਤੇ ਹਨ। ਪ੍ਰਧਾਨ ਅਵਤਾਰ ਸਿੰਘ ਨੇ ਨਿੱਜੀ ਫਰਮਾਂ ਤੇ ਜਿਲਦਬੰਦੀ ਕਰਨ ਵਾਲੇ ਠੇਕੇਦਾਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਹੈ ਉਹ ਵਪਾਰ ਦੇ ਨਜ਼ਰੀਏ ਨਾਲ ਗੁਰਬਾਣੀ ਦੀ ਛਪਾਈ ਦਾ ਕੰਮ ਤੁਰੰਤ ਬੰਦ ਕਰ ਦੇਣ ਨਹੀਂ ਤਾਂ SGPC ਵੱਲੋਂ ਉਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਨਿਊ ਆਜ਼ਾਦ ਨਗਰ ਸਥਿਤ ਇੱਕ ਜਿਲਦ ਬਾਈਂਡਰ ਵੱਲੋਂ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਸੂਚਨਾ ਮਿਲਣ ਤੇ SGPC ਦੀ ਇੱਕ ਟੀਮ ਨੇ ਉਕਤ ਦੁਕਾਨ ਤੇ ਅਚਨਚੇਤ ਚੈਕਿੰਗ ਕੀਤੀ। ਉੱਥੇ ਵੱਡੇ ਪੱਧਰ ਤੇ ਗੁਰਬਾਣੀ ਤੇ ਗੁਟਕਾ ਸਾਹਿਬ ਦਾ ਨਿਰਾਦਰ ਪਾਇਆ ਗਿਆ। ਉੱਥੇ ਗੁਰਬਾਣੀ ਦੀਆਂ ਪੋਥੀਆਂ ਬਿਨਾਂ ਸਤਿਕਾਰ ਤੋਂ ਜ਼ਮੀਨ ਤੇ ਰੱਖੀਆਂ ਹੋਈਆਂ ਸਨ ਤੇ ਉਨਾਂ ਚ ਚੂਹਿਆਂ ਦੀ ਗੰਦਗੀ ਵੀ ਪਾਈ ਗਈ। ਜ਼ਿਲਦਾਂ ਬੰਨਣ ਵਾਲੇ ਦੋ ਵਿਅਕਤੀਆਂ ਵੀ ਪਤਿਤ ਤੇ ਸਿਰ ਢਕੇ ਬਿਨਾਂ ਇਹ ਕੰਮ ਕਰ ਰਹੇ ਸਨ। ਜਦਕਿ SGPC ਵੱਲੋਂ ਗੁਰਬਾਣੀ ਦੀ ਛਪਾਈ ਤੇ ਜਿਲਦਬੰਦੀ ਦਾ ਕਾਰਜ ਪੂਰੀ ਮਰਿਯਾਦਾ ਨਾਲ ਕੀਤਾ ਤੇ ਕਰਵਾਇਆ ਜਾਂਦਾ ਹੈ।
ਪ੍ਰਧਾਨ ਅਵਤਾਰ ਸਿੰਘ ਨੇ ਸਮੁੱਚੀ ਸੰਗਤ ਨੂੰ ਜਿੱਥੇ ਵਪਾਰ ਦੇ ਜ਼ਰੀਏ ਅਜਿਹੇ ਪ੍ਰਕਾਸ਼ਕਾਂ ਦੀ ਸੂਚਨਾ SGPC ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਜਿਨਾਂ ਤੇ ਆਪਣੇ ਘਰਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਏ ਨੇ, ਜੇ ਉਹ ਮਰਿਯਾਦਾ ਦਾ ਧਿਆਨ ਨਹੀਂ ਰੱਖ ਸਕਦੇ ਤਾਂ ਨੇੜੇ ਦੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਉਨਾਂ ਵਪਾਰ ਦੀ ਨੀਅਤ ਨਾਲ ਕੰਮ ਕਰ ਰਹੇ ਲੋਕਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਹੈ ਕਿ ਗੁਰੂ ਦੀ ਭੈਅ ਭਾਵਨੀ ਦਾ ਪਾਲਣ ਕੀਤਾ ਜਾਵੇ।