ਚੰਡੀਗੜ੍ਹ: ਆਰਐਸਐਸ ਲੀਡਰ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ। ਪੰਜਾਬ ਸਰਕਾਰ ਨੇ ਆਰਐਸਐਸ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਗਗਨੇਜਾ ’ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਹੈ। ਸਰਕਾਰ ਵੱਲੋਂ ਜਾਂਚ ਸੀਬੀਆਈ ਹਵਾਲੇ ਕਰਨ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਇਸ ਹਮਲੇ ਦੇ ਤਾਰ ਵਿਦੇਸ਼ ਤੱਕ ਜੁੜੇ ਹੋਏ ਹਨ। ਜਿਸ ਦੇ ਚੱਲਦੇ ਜਾਂਚ ਸੀਬੀਆਈ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ। ਹਮਲਵਾਰਾਂ ਦੀ ਸੂਹ ਦੇਣ ਵਾਲੇ ਲਈ 10 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ। ਪਰ ਬਾਵਜੂਦ ਇਸਦੇ ਕੁੱਝ ਹੱਥ ਨਹੀਂ ਲੱਗਾ। ਗਗਨੇਜਾ ਅਜੇ ਵੀ ਲੁਧਿਆਣਾ ਦੇ ਡੀਐਮਸੀ 'ਚ ਇਲਾਜ ਅਧੀਨ ਹਨ।
ਜਿਕਰਯੋਗ ਹੈ ਕੇ 65 ਸਾਲਾ ਆਰਐਸਐਸ ਲੀਡਰ ਜਗਦੀਸ਼ ਗਗਨੇਜਾ ਤੇ 6 ਅਗਸਤ ਦੀ ਰਾਤ ਜਲੰਧਰ 'ਚ ਕਾਤਲਾਨਾ ਹਮਲਾ ਕੀਤਾ ਗਿਆ ਸੀ। 2 ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਦਾਗ ਕੇ ਜਖਮੀ ਕਰ ਦਿੱਤਾ ਸੀ। ਹਮਲਾ ਉਸ ਸਮੇਂ ਹੋਇਆ ਸੀ ਜਦੋਂ ਉਹ ਰਾਤ ਦੇ ਕਰੀਬ ਅੱਠ ਵਜੇ ਜੋਤੀ ਚੌਕ ਨੇੜੇ ਕਿਸੇ ਕੰਮ ਲਈ ਰੁਕੇ ਸਨ। ਇਸ ਦੌਰਾਨ ਜਿਵੇ ਹੀ ਗਗਨੇਜਾ ਆਪਣੀ ਕਾਰ ’ਚੋਂ ਉੱਤਰਿਆ ਤਾਂ ਦੋ ਮੋਟਰਸਾਈਕਲ ਸਵਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਸਮੇਂ ਗਗਨੇਜਾ ਦੀ ਪਤਨੀ ਵੀ ਉਹਨਾਂ ਨਾਲ ਸੀ ਪਰ ਉਹਨਾਂ ਦਾ ਵਾਲ ਵਾਲ ਬਚਾਅ ਹੋ ਗਿਆ। ਹਮਲਾ ਵਿੱਚ ਬੁਰੀ ਤਰ੍ਹਾਂ ਗਗਨੇਜਾ ਨੂੰ ਤੁਰੰਤ ਹਸਪਤਾਲ ਪਹੁੰਚਿਆ। ਡਾਕਟਰਾਂ ਅਨੁਸਾਰ ਗਗਨੇਜਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਸੀ। ਪਰ ਬਾਵਜੂਦ ਇਸਦੇ ਜਾਂਚ ਕਿਸੇ ਨਤੀਜੇ 'ਤੇ ਨਾ ਪਹੁੰਚ ਸਕੀ। ਆਖਰਕਾਰ ਹੁਣ ਸੂਬਾ ਸਰਕਾਰ ਨੇ ਕੇਸ ਸੀਬੀਆਈ ਹਵਾਲੇ ਕਰ ਦਿੱਤਾ ਹੈ।