ਅੰਮ੍ਰਿਤਸਰ: ਨੋਟਬੰਦੀ ਨੇ ਨਿਗਲ ਲਈ ਜਿੰਦਗੀ। ਖਬਰ ਅੰਮ੍ਰਿਤਸਰ ਦੇ ਪਿੰਡ ਮਾਜੂਪੁਰਾ ਤੋਂ ਹੈ। ਜਿੱਥੇ ਧੀ ਦੇ ਵਿਆਹ ਲਈ ਬੈਂਕ ਤੋਂ ਪੈਸੇ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਏ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਧੀ ਦਾ ਵਿਆਹ 5 ਦਸੰਬਰ ਨੂੰ ਹੋਣਾ ਸੀ। ਇਸ ਖਬਰ ਨੇ ਪਰਿਵਾਰ ਦੇ ਨਾਲ ਪੂਰੇ ਪਿੰਡ 'ਚ ਉਦਾਸੀ ਫੈਲਾ ਦਿੱਤੀ ਹੈ।


ਜਾਣਕਾਰੀ ਮੁਤਾਬਕ ਮ੍ਰਿਤਕ ਰਵਿੰਦਰ ਸਿੰਘ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 5 ਦਸੰਬਰ ਦੇ ਦਿਨ ਹੋਣਾ ਸੀ। ਧੀ ਦੇ ਵਿਆਹ ਲਈ ਲੰਮੇ ਸਮੇਂ ਤੋਂ ਪੈਸੇ ਦੀ ਬਚਤ ਕਰ ਬੈਂਕ 'ਚ ਜਮਾਂ ਕੀਤੇ ਸਨ। ਪਰ ਨੋਟਬੰਦੀ ਦੇ ਚੱਲਦੇ ਬੈਂਕ ਤੋਂ ਆਪਣੇ ਹੀ ਪੈਸੇ ਲੈਣੇ ਮੁਸ਼ਕਲ ਹੋ ਗਏ। ਵਿਆਹ ਦੇ ਲਈ ਖਰੀਦਦਾਰੀ ਕਰਨ ਤੇ ਹੋਰ ਪ੍ਰਬੰਧਾਂ ਲਈ ਕਿਸਾਨ ਕੋਲ ਪੈਸਾ ਨਹੀਂ ਸੀ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੈਂਕ ਤੋਂ ਨਵੇਂ ਨੋਟ ਨਹੀਂ ਮਿਲ ਰਹੇ ਸਨ। ਅਜਿਹੇ 'ਚ ਵਿਆਦ ਦਾ ਦਿਨ ਨੇੜੇ ਆਉਂਦੇ ਦੇਖ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ।
ਰਵਿੰਦਰ ਪੈਸੇ ਇਕੱਠੇ ਕਰਨ ਲਈ ਲਗਾਤਾਰ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਚੱਕਰ ਲਗਾ ਰਿਹਾ ਸੀ। ਪਰ ਹਰ ਵਾਰ ਬੈਂਕ ਤੋਂ ਇਹੀ ਜਵਾਬ ਮਿਲਦਾ ਕਿ ਕੈਸ਼ ਨਹੀਂ ਹੈ। ਪ੍ਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਸੀ। ਕੱਲ੍ਹ ਰਵਿੰਦ ਬੈਂਕ ਤੋਂ ਵਾਪਸ ਆਇਆ ਤੇ ਖੇਤ ਕਣਕ ਦੀ ਬਿਜਾਈ ਲਈ ਚਲਾ ਗਿਆ। ਕਾਫੀ ਦੇਰ ਬਾਅਦ ਵੀ ਜਦ ਉਹ ਘਰ ਨਾ ਪਰਤਿਆ ਤਾਂ ਖੇਤ ਜਾ ਕੇ ਦੇਖਣ 'ਤੇ ਉਸ ਦੀ ਲਾਸ਼ ਮਿਲੀ।
ਪਰਿਵਾਰ ਦੇ ਮੁਖੀ ਤੇ ਵਿਆਹ ਵਾਲੀ ਧੀ ਦੇ ਪਿਤਾ ਦੀ ਮੌਤ ਨੇ ਘਰ 'ਚ ਖੁਸ਼ੀਆਂ ਦੇ ਮਹੌਲ ਨੂੰ ਮਾਤਮ 'ਚ ਬਦਲ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।