ਮਨੀਲਾ: ਵਿਦੇਸ਼ੀ ਧਰਤੀ ‘ਤੇ ਰੁਜ਼ਗਾਰ ਲਈ ਗਏ ਪੰਜਾਬੀਆਂ ਦਾ ਇੱਕ ਵਾਰ ਫਿਰ ਖੂਨ ਵਹਾਇਆ ਗਿਆ ਹੈ। ਖਬਰ ਫਿਲਪਾਈਨ ਦੇ ਸ਼ਹਿਰ ਰਗਾਈ ਤੋਂ ਹੈ। ਇੱਥੇ ਮੋਗਾ ਜਿਲ੍ਹੇ ਦੇ ਇੱਕ ਪੰਜਾਬੀ ਜੋੜੇ ਦਾ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਲੁੱਟ ਲਈ ਇਸ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ।


ਜਾਣਕਾਰੀ ਮੁਤਾਬਕ ਮੋਗਾ ਜਿਲ੍ਹੇ ਦੀ ਸਬ ਡਿਵੀਜ਼ਨ ਧਰਮਕੋਟ ਦੇ ਪਿੰਡ ਦਾਇਆ ਕਲਾਂ ਦਾ 45 ਸਾਲਾ ਭਗਵੰਤ ਸਿੰਘ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਫਿਲਪਾਈਨ ਦੇ ਸ਼ਹਿਰ ਰਗਾਈ 'ਚ ਰਹਿ ਰਹੇ ਸਨ। ਇੱਥੇ ਉਨ੍ਹਾਂ ਦਾ ਵੀ ਹੋਰ ਪੰਜਾਬੀਆਂ ਵਾਂਗ ਫਾਇਨਾਂਸ ਦਾ ਕੰਮ ਸੀ। ਪਰ ਇਸ ਜੋੜੇ ਦਾ ਇਹੀ ਕਾਰੋਬਾਰ ਹੀ ਜਾਨ ਦਾ ਦੁਸ਼ਮਣ ਹੋ ਨਿੱਬੜਿਆ। ਲੁਟੇਰਿਆਂ ਨੇ ਇਸ ਜੋੜੇ ਨੂੰ ਲੁੱਟਣ ਲਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਖਬਰ ਦੇ ਪਿੰਡ ਪੁੱਜਦਿਆਂ ਹੀ ਸੋਗ ਦੀ ਲਹਿਰ ਫੈਲ ਗਈ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਮਨੀਲਾ ‘ਚ ਕਿਸੇ ਪੰਜਾਬੀ ਦਾ ਕਤਲ ਕੀਤਾ ਗਿਆ ਹੋਵੇ। ਅਏ ਦਿਨ ਪੰਜਾਬੀ ਨੌਜਵਾਨ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਬਣਦੇ ਹਨ। ਇਸ ਮਾਮਲੇ ‘ਤੇ ਕਈ ਵਾਰ ਸਥਾਨਕ ਸਰਕਾਰ ਨੂੰ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰ ਇਹਨਾਂ ਘਟਨਾਵਾਂ ‘ਤੇ ਲਗਾਮ ਲਗਾਉਣ ਦੀ ਅਪੀਲ ਕੀਤੀ ਗਈ ਹੈ। ਪਰ ਇਹ ਸਿਲਸਲਾ ਲਗਾਤਾਰ ਜਾਰੀ ਹੈ।