ਅੰਮ੍ਰਿਤਸਰ/ਫਾਜ਼ਿਲਕਾ: ਨੋਟਬੰਦੀ ਦਾ ਅੱਜ 20ਵਾਂ ਦਿਨ ਹੈ। ਪਰ ਦੇਸ਼ ਦੇ ਹਲਾਤ ਜਿਆਦਾ ਨਹੀਂ ਬਦਲੇ ਹਨ। ਪੈਸੇ ਲੈਣ ਲਈ ਅੱਜ ਵੀ ਬੈਂਕਾਂ ਤੇ ਏਟੀਐਮ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਅਜਿਹੇ ਹਲਾਤਾਂ 'ਚ ਬਜੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਵੀ ਲਾਈਨ 'ਚ ਲੱਗਣਾ ਪੈ ਰਿਹਾ ਹੈ। ਅਜਨਾਲਾ 'ਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ 'ਚ ਜਮਾਂ ਕਰਵਾਉਣ ਆਏ ਇੱਕ ਬਜੁਰਗ ਨੇ ਲਾਈਨ 'ਚ ਖੜਿਆਂ ਹੀ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਫਾਜ਼ਿਲਕਾ 'ਚ ਵੀ ਸਟੇਟ ਬੈਂਕ ਆਫ ਪਟਿਆਲਾ ਬਾਹਰ ਲਾਈਨ 'ਚ ਲੱਗੇ ਇੱਕ ਬਜੁਰਗ ਦੀ ਮੌਤ ਹੋ ਗਈ ਹੈ।
ਦਰਅਸਲ ਸ਼ਨੀਵਾਰ ਤੇ ਐਤਵਾਰ ਦੀਆਂ ਦੋ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲਣ ਤੋਂ ਬਾਅਦ ਬੈੰਕਾਂ 'ਚ ਲਾਈਨ ਲੱਗਣੀ ਸ਼ੁਰੂ ਹੋ ਗਈ। ਤਲਵੰਡੀ ਰਾਏਦਾਦੂ ਹਾਲ ਅਜਨਾਲਾ ਦੇ ਬਾਹਰ ਵੀ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਇੱਥੇ 65 ਸਾਲਾ ਬਜੁਰਗ ਟਹਿਲ ਸਿੰਘ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਚ ਲਾਈਨ 'ਚ ਖੜਾ ਸੀ। ਪਰ ਲੰਬੀ ਲਾਈਨ ਦੇ ਚੱਲਦੇ ਉਸ ਨੂੰ ਵੀ ਉੱਥੇ ਹੀ ਰੁਕਣਾ ਪਿਆ। ਪਰ ਇੱਥੇ ਹੀ ਅਚਾਨਕ ਟਹਿਲ ਸਿੰਘ ਡਿੱਗ ਪਿਆ। ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।