ਪਤਨੀ ਹੀ ਨਿੱਕਲੀ ਪਤੀ ਦੀ ਕਾਤਲ !
ਏਬੀਪੀ ਸਾਂਝਾ | 25 Jul 2016 04:29 AM (IST)
ਫਰੀਦਕੋਟ: ਪਤਨੀ ਨੇ ਹੀ ਕਰਵਾਇਆ ਸੀ ਆਪਣੇ ਪਤੀ ਦਾ ਕਤਲ। ਫਰੀਦਕੋਟ ਪੁਲਿਸ ਨੇ ਕੁੱਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ। ਫਿਲਾਹਲ ਪੁਲਿਸ ਮੁਲਜ਼ਮਾਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ। ਦਰਅਸਲ ਪੂਜਾ ਤੇ ਗੁਰਤੇਜ ਸਿੰਘ ਜਿਲ੍ਹਾ ਅਦਾਲਤ ਫਰੀਦਕੋਟ 'ਚ ਇੱਕ ਵਕੀਲ ਦੇ ਸਹਾਇਕ ਵਜੋਂ ਕੰਮ ਕਰਦੇ ਸਨ। ਇੱਥੇ ਦੋਨਾਂ ਦੇ ਕਥਿਤ ਪ੍ਰੇਮ ਸੰਬੰਧ ਬਣ ਗਏ। ਇਲਜ਼ਾਮ ਹਨ ਕਿ ਇਸੇ ਦੇ ਚੱਲਦਿਆਂ ਪੂਜਾ ਨੇ ਗੁਰਤੇਜ ਤੇ ਤਰਲੋਕ ਸਿੰਘ ਨਾਲ ਮਿਲ ਕੇ ਆਪਣੇ ਪਤੀ ਰਜਿੰਦਰ ਸਿੰਘ ਦਾ ਕਥਿਤ ਤੌਰ 'ਤੇ ਕਤਲ ਕਰਵਾ ਦਿੱਤਾ। ਰਜਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਸੜਕ 'ਤੇ ਸੁੱਟੀ ਗਈ ਸੀ। ਇਸ ਤਰਾਂ ਇਸ ਕਤਲ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਸੀ। ਪਰ ਸੱਚ ਛੁਪ ਨਾ ਸਕਿਆ। ਪੁਲੀਸ ਨੇ ਮ੍ਰਿਤਕ ਰਜਿੰਦਰ ਸਿੰਘ ਦੀ ਪਤਨੀ ਪੂਜਾ, ਗੁਰਤੇਜ ਸਿੰਘ ਅਤੇ ਤਰਲੋਕ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਖਿਲਾਫ ਆਈਪੀਸੀ ਦੀ ਧਾਰਾ 302/34 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਲਾਕਾ ਮੈਜਿਸਟਰੇਟ ਜਗਵਿੰਦਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁੱਛਗਿੱਛ ਲਈ ਇਹਨਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।