ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਸਾਹਮਣੇ ਧਰਨੇ ‘ਤੇ ਬੈਠੇ ਸਿੱਖਿਆ ਪ੍ਰੋਵਾਈਡਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਅੱਜ ਦੁਪਹਿਰ ਧਰਨੇ ਵਾਲੀ ਥਾਂ 'ਤੇ ਪਹੁੰਚੇ ਪੁਲਿਸ ਬਲ ਨੇ ਉੱਥੇ ਮੌਜੂਦ ਕਰੀਬ 20-25 ਧਰਨਾਕਾਰੀ ਅਧਿਆਪਕਾਂ ਨੂੰ ਚੁੱਕ ਲਿਆ। ਪੁਲਿਸ ਕੱਲ੍ਹ ਰਾਤ ਤੋਂ ਹੀ ਇਹਨਾਂ ਨੂੰ ਧਰਨਾ ਖਤਮ ਕਰਨ ਦੀ ਚੇਤਾਵਨੀ ਦੇ ਰਹੀ ਸੀ। ਪਰ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਇਹ ਅਧਿਆਪਕ ਧਰਨਾ ਖਤਮ ਕਰਨ ਲਈ ਤਿਆਰ ਨਹੀਂ ਸਨ। ਕੱਲ੍ਹ ਰਾਤ ਪੁਲਿਸ ਨੇ ਇਹਨਾਂ ਦਾ ਧਰਨੇ ਵਾਲਾ ਟੈਂਟ ਪੁੱਟ ਦਿੱਤਾ ਸੀ।

 

 

ਪੰਜਾਬ ਦੇ ਸਿੱਖਿਆ ਪ੍ਰੋਵਾਈਡਰ ਆਪਣੀਆਂ ਮੰਗਾਂ ਨੂੰ ਲੈ ਕੇ 14 ਨਵੰਬਰ 2015 ਤੋਂ ਲਗਾਤਾਰ ਧਰਨੇ ‘ਤੇ ਬੈਠੇ ਸਨ। ਕਈ ਵਾਰ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਕੋਈ ਨਤੀਜਾ ਨਾ ਨਿਕਲਣ ‘ਤੇ ਇਹਨਾਂ ਦਾ ਸੰਘਰਸ਼ ਖਤਮ ਨਹੀਂ ਹੋ ਰਿਹਾ। ਇਹ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਟੈਂਟ ਲਗਾ ਕੇ ਧਰਨੇ ‘ਤੇ ਬੈਠੇ ਸਨ। ਅੱਜ ਦੁਪਹਿਰ ਵੇਲੇ ਪੁਲਿਸ ਬਲ ਮੌਕੇ ਤੇ ਪਹੁੰਚਿਆਂ ਤੇ ਉੱਥੇ ਮੌਜੂਦ ਸਾਰੇ ਸਿੱਖਿਆ ਪ੍ਰੋਵਾਈਡਰਾਂ ਖਿਲਾਫ ਕਾਰਵਾਈ ਕਰਦਿਆਂ ਹਿਰਾਸਤ ਚ ਲੈ ਲਿਆ। ਜਾਣਕਾਰੀ ਮੁਤਾਬਕ ਥੋੜੀ ਦੇਰ ਬਾਅਦ ਹੀ ਇਹਨਾਂ ਨੂੰ ਵੱਖ -ਵੱਖ ਥਾਵਾਂ ਤੇ ਛੱਡ ਦਿੱਤਾ ਗਿਆ ਹੈ।

 

 

ਦਰਅਸਲ ਕੱਲ੍ਹ ਰਾਤ ਤੋਂ ਹੀ ਪੁਲਿਸ ਕਈ ਮਹੀਨਿਆਂ ਤੋਂ ਚੱਲ ਰਿਹਾ ਇਹ ਧਰਨਾ ਚੁਕਾਉਣ ਦੀ ਕੋਸ਼ਿਸ਼ ਚ ਲੱਗੀ ਸੀ। ਰਾਤ ਵੇਲੇ ਅਚਾਨਕ ਪੁਲਿਸ ਨੇ ਇੱਥੇ ਪਹੁੰਚ ਕੇ ਟੈਂਟ ਪੁੱਟ ਦਿੱਤਾ ਸੀ। ਟੈਂਟ, ਕੱਪੜੇ, ਪੱਖੇ ਤੇ ਹੋਰ ਸਮਾਨ ਪੁਲਿਸ ਆਪਣੇ ਨਾਲ ਹੀ ਚੁੱਕ ਕੇ ਲੈ ਗਈ ਸੀ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਭੜਕੇ ਸਿੱਖਿਆ ਪ੍ਰੋਵਾਈਡਰ ਰਾਤ ਤੋਂ ਹੀ ਫਿਰ ਤੋਂ ਪ੍ਰਦਰਸ਼ਨ ਕਰ ਰਹੇ ਸਨ।