ਚੰਡੀਗੜ੍ਹ: ਅੰਮ੍ਰਿਤਸਰ ਦੇ ਅਕਾਲੀ ਲੀਡਰ ਮੁਖਜੀਤ ਮੁੱਖਾ ਦੇ ਐਨਕਾਉਂਟਰ ਮਾਮਲੇ 'ਚ ਸਬ ਇੰਸਪੈਕਟਰ ਤੇ ਏਐਸਆਈ ਸਮੇਤ 8 ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਬਣੀ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 4 ਜੁਲਾਈ ਨੂੰ ਹੁਕਮ ਦਿੱਤਾ ਗਿਆ ਸੀ ਕਿ ਐਸਆਈਟੀ ਇੱਕ ਹਫਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇ। ਮਾਮਲੇ ਦੀ ਅਗਲੀ ਸੁਣਵਾਈ 14 ਸਤੰਬਰ ਨੂੰ ਹੋਣੀ ਹੈ। ਮੁੱਖਾ ਨੂੰ ਅੰਮ੍ਰਿਤਸਰ ਪੁਲਿਸ ਨੇ ਜੂਨ 2015 ‘ਚ ਇੱਕ ਐਨਕਾਉਂਟਰ ਦੌਰਾਨ ਮਾਰਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਇੱਕ ਗੈਂਗਸਟਰ ਦੇ ਭੁਲੇਖੇ ‘ਚ ਇਸ ਐਨਕਾਉਂਟਰ ਨੂੰ ਅੰਜਾਮ ਦਿੱਤਾ ਗਿਆ।

 

 

ਪੁਲਿਸ ਨੇ ਸਬ ਇੰਸਪੈਕਟਰ ਰਮੇਸ਼ ਕੁਮਾਰ, ਏਐਸਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ, ਰਾਜੇਸ਼, ਜਸਬੀਰ ਸਿੰਘ, ਸੰਦੀਪ ਕੁਮਾਰ, ਨਵਜੋਤ ਸਿੰਘ, ਰਣਬੀਰ ਸਿੰਘ ਤੇ ਸਿਪਾਹੀ  ਸਤਵਿੰਦਰ ਸਿੰਘ ਖਿਲਾਫ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮਾਮਲੇ 'ਚ ਅਜੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਪਰ ਉਕਤ ਪੁਲਿਸ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਦੀ ਉਮੀਦ ਜਰੂਰ ਜਾਗੀ ਹੈ।

 

 

ਦਰਅਸਲ 16 ਜੂਨ 2015 ਦੀ ਸ਼ਾਮ ਅੰਮ੍ਰਿਤਸਰ ਦੇ ਵੇਰਕਾ ਇਲਾਕੇ ‘ਚ ਅਕਾਲੀ ਲੀਡਰ ਮੁਖਜੀਤ ਮੁੱਖਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ। ਮੁੱਖਾ ਦੇ ਪਰਿਵਾਰ ਮੁਤਾਬਕ ਇਹ ਕਤਲ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ। ਜਦਕਿ ਪੁਲਿਸ ਨੇ ਇਸ ਨੂੰ ਇੱਕ ਭੁਲੇਖਾ ਕਰਾਰ ਦਿੱਤਾ ਸੀ। ਹਾਲਾਂਕਿ ਪੰਜਾਬ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਲਈ ਆਈਜੀ ਨਾਗੇਸ਼ਵਰ ਰਾਓ ਦੀ ਅਗਵਾਈ ‘ਚ ਇੱਕ ਐਸਆਈਟੀ ਦਾ ਗਠਨ ਕੀਤਾ। ਪਰ ਲੰਮਾ ਸਮਾਂ ਬੀਤਣ ‘ਤੇ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਇਨਸਾਫ ਲਈ ਮ੍ਰਿਤਕ ਦਾ ਪਤਨੀ ਹਰਜੀਤ ਕੌਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ। ਆਖਰ ਮਾਮਲਾ ਹਾਈਕੋਰਟ ਪਹੁਚਣ ਤੋਂ ਬਾਅਦ ਐਸਆਈਟੀ ਨੇ ਮੁਲਜ਼ਮ ਪੁਲਿਸ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।