ਫਿਰੋਜਪੁਰ: ਬੈਂਕ ਦਾ ਏਟੀਐਮ ਤੋੜ 11 ਲੱਖ ਰੁਪਏ ਲੁੱਟਣ ਦੀ ਖਬਰ ਹੈ। ਵਾਰਦਾਤ ਫਾਜ਼ਿਲਕਾ ਰੋਡ 'ਤੇ ਜਿਲ੍ਹੇ ਦੇ ਪਿੰਡ ਫਾਈ ਫੇਮਾ 'ਚ ਅੱਜ ਸਵੇਰੇ ਹੋਈ ਹੈ। ਇੱਥੇ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਬਲ 'ਤੇ ਸੁਰੱਖਿਆ ਗਾਰਡ ਨੂੰ ਡਰਾ ਕੇ ਏਟੀਐਮ ਦਾ ਗੇਟ ਖੁਲਵਾਇਆ ਤੇ ਰਕਮ ਲੁੱਟ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਿ਼ਰੋਜ਼ਪੁਰ-ਫ਼ਾਜਿ਼ਲਕਾ ਹਾਈਵੇ `ਤੇ ਵਸਦੇ ਪਿੰਡ ਖਾਈ ਫੇਮੇ ਕੀ ਦੇ ਬੱਸ ਅੱਡੇ `ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ 'ਚ ਅੱਜ ਸਵੇਰੇ 5 ਨਕਾਬਪੋਸ਼ਾਂ ਨੇ ਹੱਲਾਂ ਬੋਲ ਦਿੱਤਾ। ਤੇਜ਼ਧਾਰ ਹਥਿਆਰ ਦੀ ਨੋਕ `ਤੇ ਗਾਰਡ ਨੂੰ ਦਰਵਾਜ਼ੇ ਖੋਲਣ ਲਈ ਮਜ਼ਬੂਰ ਕੀਤਾ ਤੇ ਕੁੱਝ ਮਿੰਟਾਂ 'ਚ ਏ.ਟੀ.ਐਮ ਤੋੜ ਕੇ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੈਂਕ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਏ.ਟੀ.ਐਮ 'ਚ ਕਰੀਬ 11 ਲੱਖ ਰੁਪਏ ਸਨ। ਜਿਸ ਦੀ ਹੋਈ ਲੁੱਟ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਪਰ ਏਟੀਐਮ ਲੁੱਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਵਾਰ ਤਸਵੀਰਾਂ ਸੀਸੀਟੀਵੀ 'ਚ ਕੈਦ ਹੁੰਦੀਆਂ ਹਨ, ਪਰ ਪੁਲਿਸ ਫਿਰ ਵੀ ਲੁਟੇਰਿਆਂ ਤੱਕ ਪਹੁੰਚਣ 'ਚ ਅਸਮਰੱਥ ਨਜ਼ਰ ਆਉਂਦੀ ਹੈ। ਫਿਲਹਾਲ ਪੁਲਿਸ ਨੇ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਜਰੂਰ ਕੀਤਾ ਹੈ।