ਅਮ੍ਰਿਤਸਰ: ਰਾਜ ਸਭ ਮੈਂਬਰ ਸ਼ਵੇਤ ਮਲਿਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕੇਜਰੀਵਾਲ ਦਾ ਹਰਮੰਦਰ ਸਾਹਿਬ ਆ ਕੇ ਭੁੱਲ ਬਖਸ਼ਾਉਣਾ ਇੱਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਫੀ ਮੰਗਣ ਦੀ ਆਦਤ ਹੈ ਤੇ  ਪਹਿਲਾਂ ਵੀ ਕਈ ਮਾਮਲਿਆਂ 'ਤੇ ਮੁਆਫੀ ਮੰਗ ਚੁੱਕੇ ਹਨ। ਪਰ ਜੋ ਡਰਾਮੇ ਦਿੱਲੀ 'ਚ ਕੀਤੇ ਹਨ ਉਹ ਪੰਜਾਬ 'ਚ ਨਹੀਂ ਚੱਲਣਗੇ।

 
ਸ਼ਵੇਤ ਮਲਿਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਸ਼ੁਰੂ ਤੋਂ ਹੀ ਇਹ ਕੰਮ ਰਿਹਾ ਹੈ ਕਿ ਉਹ ਪਹਿਲਾਂ  ਭੜਕਾਊ ਗੱਲ ਕਰਦੇ ਹਨ ਤੇ ਜਦੋਂ ਉਸ ਗੱਲ ਦਾ ਸੇਕ ਇਹਨਾਂ ਤੱਕ ਪਹੁੰਚਣ ਲੱਗਦਾ ਹੈ ਤਾਂ ਤੁਰੰਤ ਮੁਆਫੀ ਮੰਗ ਲੈਂਦੇ ਹਨ। ਆਮ ਆਦਮੀ ਪਾਰਟੀ ਬਹਿਰੂਪੀਆਂ ਦੀ ਪਾਰਟੀ ਹੈ। ਉਹ ਹਮੇਸ਼ਾਂ ਲੋਕਾਂ ਨੂੰ ਗੁਮਰਾਹ ਕਾਰਨ ਦਾ ਕੰਮ ਕਰਦੇ ਹਨ।

 

'ਆਪ' ਦੇ ਮੈਨੀਫੈਸਟੋ 'ਤੇ ਸਵਾਲ ਖੜੇ ਕਰਦਿਆਂ ਮਲਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੈਨੀਫ਼ੇਸਟੋ ਇੱਕ ਝੂਠ ਦਾ ਪੁਲੰਦਾ ਹੈ। ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦੀ ਜਾਂਚ ਕਾਰਨ ਤੋਂ ਬਾਅਦ ਸਵਾਲ ਕੀਤਾ ਜਾਵੇ ਕਿ ਕੀ ਉਨ੍ਹਾਂ ਦਿੱਲੀ ਦੇ ਲੋਕਾਂ ਨਾਲ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਕੀਤੇ ਹਨ ਜਾਂ ਨਹੀਂ ?

 

ਉਨ੍ਹਾਂ ਆਮ ਆਦਮੀ ਪਾਰਟੀ ਤੇ ਪੰਜਾਬ ਨੂੰ ਬਦਨਾਮ ਕਾਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਲੀਡਰਾਂ ਨੇ ਪੂਰੇ ਪੰਜਾਬ ਨੂੰ ਨਸ਼ੇੜੀ ਦੇ ਤੌਰ ਤੇ ਬਦਨਾਮ ਕੀਤਾ ਹੈ, ਜਿਸ ਨੂੰ ਪੰਜਾਬੀ ਕਿਸੇ ਵੀ ਸ਼ਰਤ ਤੇ ਬਰਦਾਸ਼ਤ ਨਹੀਂ ਕਰਨਗੇ।