ਅੰਮ੍ਰਿਤਸਰ: ਕੰਟੋਨਮੈਂਟ ਇਲਾਕੇ 'ਚੋਂ ਪੰਜ ਬੰਬ ਬਰਾਮਦ ਹੋਏ ਹਨ। ਇੱਥੋਂ ਦੀ ਕੈਨਾਲ ਕਲੋਨੀ ਦੀ ਸੜਕ ਕਿਨਾਰੇ ਝਾੜੀਆਂ 'ਚੋਂ ਇਹ ਬਰਾਮਦਗੀ ਕੀਤੀ ਗਈ ਹੈ। ਸਥਾਨਕ ਲੋਕਾਂ ਵੱਲੋਂ ਜਾਣਕਾਰੀ ਦਿੱਤੇ ਜਾਣ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਫੌਜ ਦੇ ਸੀਨੀਅਰ ਅਧਿਕਾਰੀ ਵੀ ਜਾਂਚ ਲਈ ਪਹੁੰਚੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਬੰਬ ਇੱਥੇ ਕਿਵੇਂ ਪਹੁੰਚੇ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨੇ ਬੰਬ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬੰਬ ਇਸ ਇਲਾਕੇ ਵਿੱਚ ਕਿੱਥੋਂ ਆਏ ਹਨ ਤੇ ਕਿਸ ਵੱਲੋਂ ਰੱਖੇ ਗਏ ਹਨ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬੰਬਾਂ 'ਚ ਬਾਰੂਦ ਤਾਂ ਸੀ ਪਰ ਬਿਨਾਂ ਡੈਟੋਨੇਟਰਾਂ ਦੇ ਸਨ। ਫੌਜ ਦੀ ਬੰਬ ਸਕੁਐਡ ਨੇ ਜਾਂਚ ਤੋਂ ਬਾਅਦ ਇਹ ਬੰਬ ਪੁਲਿਸ ਦੇ ਹਵਾਲੇ ਕਰ ਦਿੱਤੇ।