ਬਰੀ ਹੋ ਕੇ ਵੀ ਨਾ ਛੁੱਟੀ ਸੁਖਬੀਰ ਦੀ ਜਾਨ
ਏਬੀਪੀ ਸਾਂਝਾ | 05 Jul 2016 06:18 AM (IST)
ਫਰੀਦਕੋਟ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਫਰੀਦਕੋਟ ਦੀ ਜਿਲ੍ਹਾ ਅਦਾਲਤ 'ਚ ਪੇਸ਼ ਹੋਏ ਹਨ। ਸੁਖਬੀਰ ਨੂੰ ਲੜਾਈ ਝਗੜੇ ਦੇ ਇੱਕ ਮਾਮਲੇ 'ਚ ਹੇਠਲੀ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਚਣੌਤੀ ਦੇਣ ਦੇ ਮਾਮਲੇ 'ਚ ਫਰੀਦਕੋਟ ਸ਼ੈਸ਼ਨਜ਼ ਅਦਾਲਤ ਨੇ ਸੰਮਨ ਭੇਜੇ ਸਨ। ਉਹਨਾਂ ਨੂੰ ਇਸੇ ਸਾਲ ਅਪ੍ਰੈਲ 'ਚ ਬਰੀ ਕੀਤਾ ਗਿਆ ਸੀ। ਜਿਸ 'ਤੇ ਪੀੜਤ ਨੇ ਸਥਾਨਕ ਸ਼ੈਸ਼ਨਜ਼ ਕੋਰਟ 'ਚ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਚਣੌਤੀ ਦਿੱਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ। ਦਰਅਸਲ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਵੱਲੋਂ 2 ਅਪ੍ਰੈਲ ਨੂੰ ਸੁਣਾਏ ਇੱਕ ਫੈਸਲੇ ਤਹਿਤ ਉੱਪ ਮੁੱਖ ਮੰਤਰੀ ਨੂੰ ਦਸ ਸਾਲ ਪੁਰਾਣੇ ਇੱਕ ਲੜਾਈ ਝਗੜੇ ਦੇ ਮੁਕੱਦਮੇ 'ਚੋਂ ਬਰੀ ਕੀਤਾ ਗਿਆ ਸੀ। ਅਦਾਲਤ ਦੇ ਇਸ ਫੈਸਲੇ ਨੂੰ ਸ਼ਿਕਾਇਤ ਕਰਤਾ ਨਰੇਸ਼ ਕੁਮਾਰ ਸਹਿਗਲ ਨੇ ਸਥਾਨਕ ਸ਼ੈਸ਼ਨ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਜਿਲ੍ਹਾ ਸ਼ੈਸ਼ਨਜ਼ ਜੱਜ ਸਤਵਿੰਦਰ ਸਿੰਘ ਚਹਿਲ ਵੱਲੋਂ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕਰ 5 ਜੁਲਾਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਅਦਾਲਤ 'ਚ ਪੇਸ਼ ਹੋਣ ਮਗਰੋਂ ਸੁਖਬੀਰ ਦੀ ਹਾਜ਼ਰੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਇੱਕ ਵਾਰ ਫਿਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ। ਹੁਣ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ।