ਮੋਹਾਲੀ: ਸਰਵ ਸਿੱਖਿਆ ਅਭਿਆਨ /ਰਮਸਾ ਦਫਤਰੀ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸਿੱਖਿਆ ਵਿਭਾਗ 'ਚ ਪੱਕੇ ਕਰਨ ਨੂੰ ਲੈ ਕੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਲਈ ਇਹਨਾਂ ਕਰਮਚਾਰੀਆਂ ਨੇ ਅੱਜ ਦਫਤਰਾਂ 'ਚ ਕਾਲੇ ਬਿੱਲੇ ਲਾ ਕੇ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ। ਡੀਜੀਐਸਈ ਦਫਤਰ ਸਮੇਤ ਪੂਰੇ ਸੂਬੇ ਦੇ ਰਮਸਾ ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਦਫਤਰਾਂ 'ਚ ਕੰਮ ਕੀਤਾ।


 


ਰਮਸਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਇਮਰਾਨ ਭੱਟੀ ਤੇ ਸੂਬਾ ਪ੍ਰੈੱਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਉਨ੍ਹਾਂ ਨਾਲ ਕਈ ਵਾਰ ਮੀਟਿੰਗ ਕਰ ਚੁੱਕੇ ਹਨ। ਪਰ ਵਾਰ ਵਾਰ ਭਰੋਸਾ ਦੇਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। 24 ਅਪ੍ਰੈਲ ਨੂੰ ਮੁੱਖ ਮੰਤਰੀ ਬਾਦਲ ਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ 'ਚ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਪਰ 3 ਮਹੀਨੇ ਦਾ ਸਮਾਂ ਬੀਚਣ ਦੇ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹਨ।

 



ਯੂਨੀਅਨ ਮੁਤਾਬਕ ਉਹ ਇਸ ਪ੍ਰਦਰਸ਼ਨ ਨਾਲ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਨ। ਜੇਕਰ ਇਹਨਾਂ ਦੀਆਂ ਮੰਗਾ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਹ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ 5 ਅਗਸਤ ਨੂੰ ਸਾਰੇ ਰਮਸਾ ਕਰਮਚਾਰੀ ਸੰਕੇਤਕ ਕਲਮ ਛੋੜ ਪ੍ਰਦਰਸ਼ਨ ਕਰਨਗੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫਿਰ ਵੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ 13 ਅਗਸਤ ਨੂੰ ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ 'ਤੇ ਸੂਬਾ ਪੱਧਰੀ ਰੈਲੀ ਕਰਨਗੇ। ਇਸ ਮੌਕੇ ਹੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਵੀ ਐਲਾਨ ਕੀਤਾ ਜਾਏਗਾ।