ਚੰਡੀਗੜ੍ਹ: ਪੀਜੀਆਈ 'ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਇੱਕ ਔਰਤ ਦੀ ਮੌਤ ਨੂੰ ਲੈ ਕੇ ਪਰਿਵਾਰ ਤੇ ਡਾਕਟਰਾਂ ਭਾਰੀ ਵਿਵਾਦ ਹੋਇਆ। ਪਰਿਵਾਰ ਦਾ ਇਲਜ਼ਾਮ ਹੈ ਕਿ ਡਾਕਟਰ ਦੀ ਲਾਪਰਵਾਈ ਕਾਰਨ ਔਰਤ ਦੀ ਮੌਤ ਹੋਈ ਹੈ। ਇਸ ਤੋਂ ਭੜਕੇ ਮ੍ਰਿਤਕ ਔਰਤ ਦੇ ਲੜਕੇ ਨੇ ਡਾਕਟਰ ਨੂੰ ਥੱਪੜ ਮਾਰ ਦਿੱਤਾ ਸੀ। ਇਸ ਦੌਰਾਨ ਦੋਨਾਂ 'ਚ ਕਾਫੀ ਮਾਰ ਕੁੱਟ ਵੀ ਹੋਈ। ਡਾਕਟਰ ਦੀ ਕੁੱਟਮਾਰ ਦੇ ਚੱਲਦੇ ਰੋਸ ਵਜੋ ਪੀਜੀਆਈ ਡਾਕਟਰਾਂ ਨੇ ਰਾਤ ਤੋਂ ਹੜਤਾਲ ਕਰ ਦਿੱਤੀ ਸੀ। ਹਾਲਾਂਕਿ ਹੁਣ ਹੜਤਾਲ ਖਤਮ ਕਰ ਦਿੱਤੀ ਗਈ ਹੈ।

 

 

 

ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਇੱਕ ਔਰਤ ਮਰੀਜ ਨੂੰ 20 ਤਾਰੀਕ ਨੂੰ ਚੰਡੀਗੜ੍ਹ ਦੇ ਪੀਜੀਆਈ 'ਚ ਰੈਫਰ ਕੀਤਾ ਗਿਆ ਸੀ। ਇੱਥੇ ਇਲਾਜ਼ ਦੌਰਾਨ ਕੱਲ੍ਹ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਸਹੀ ਇਲਾਜ਼ ਨਾ ਮਿਲਣ ਕਾਰਨ ਔਰਤ ਦੀ ਮੌਤ ਹੋਈ ਹੈ। ਗੁੱਸੇ 'ਚ ਮ੍ਰਿਤਕ ਔਰਤ ਦੇ ਲੜਕੇ ਨੇ ਉੱਥੇ ਮੌਜੂਦ ਇੱਕ ਜੂਨੀਅਰ ਡਾਕਟਰ ਨੂੰ ਥੱਪੜ ਮਾਰ ਦਿੱਤਾ। ਦੋਨਾਂ 'ਚ ਕਾਫੀ ਝਗੜਾ ਹੋਇਆ। ਮਾਮਲਾ ਇੰਨਾ ਵਧ ਗਿਆ ਕਿ ਪੀਜੀਆਈ ਦੇ ਡਾਕਟਰ ਮੁੱਖ ਗੇਟ 'ਤੇ ਪ੍ਰਦਰਸ਼ਨ ਕਰਨ ਲੱਗੇ ਤੇ ਮਰੀਜਾਂ ਦਾ ਇਲਾਜ਼ ਬੰਦ ਕਰ ਦਿੱਤਾ।

 

 

 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ। ਆਖਰ ਗੱਲਬਾਤ ਤੋਂ ਬਾਅਦ ਕਾਰਵਾਈ ਦਾ ਭਰੋਸਾ ਦੇ ਕੇ ਡਾਕਟਰਾਂ ਨੂੰ ਸਮਝਾਇਆ ਗਿਆ। ਡਾਕਟਰ ਨਾਲ ਝਗੜਾ ਕਰਨ ਵਾਲੇ ਜੰਗ ਬਹਾਦਰ ਨੂੰ ਵੀ ਹਿਰਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ।