ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਨਵਾਂ ਪੈਂਤੜਾ ਅਪਣਾਇਆ ਹੈ। ਅਕਾਲੀ ਦਲ ਵੱਡੇ ਪੱਧਰ 'ਤੇ
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮਹੀਨਾ ਭਰ
ਚੱਲਣ ਵਾਲੇ ਸਮਾਗਮ ਇਤਿਹਾਸਕ ਤੇ ਯਾਦਗਾਰੀ ਹੋਣਗੇ। ਵੱਡੇ ਉਦਘਾਟਨੀ ਤੇ ਸਮਾਪਤੀ  ਸਮਾਰੋਹ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਜਾਣਗੇ ਜਿਨ੍ਹਾਂ ਰਾਹੀਂ ਸੂਬੇ  ਦੇ ਹਰ ਵਸਨੀਕ ਨੂੰ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ, ਉਚੇਰੀ  ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਹਰ ਪੱਧਰ 'ਤੇ ਸਮਾਗਮ ਕਰਵਾਏ  ਜਾਣਗੇ ਜਿਨ੍ਹਾਂ ਰਾਹੀਂ ਅਮੀਰ ਪੰਜਾਬੀ ਵਿਰਸੇ, ਮਾਂ-ਬੋਲੀ, ਸਾਹਿਤ, ਸੱਭਿਆਚਾਰ,  ਵਿਰਾਸਤ ਦੇ ਦਰਸ਼ਨ ਕਰਵਾਏ ਜਾਣਗੇ।

 
ਉਨ੍ਹਾਂ ਕਿਹਾ ਕਿ ਹਰ ਵਿਭਾਗ ਆਪਣੇ ਨਾਲ ਸਬੰਧਤ ਸਮਾਗਮਾਂ ਦੀ ਰੂਪ ਰੇਖਾ ਉਲੀਕ ਰਿਹਾ ਹੈ ਜਿਸ ਨੂੰ ਅੰਤਿਮ ਰੂਪ ਅਗਲੀ ਮੀਟਿੰਗ ਵਿੱਚ ਦੇਣ ਉਪਰੰਤ ਮਹੀਨਾ ਭਰ
ਚੱਲਣ ਵਾਲੇ ਸਮਾਗਮਾਂ ਦਾ ਕੈਲੰਡਰ ਜਾਰੀ ਕੀਤਾ ਜਾਵੇਗਾ।

 
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੂਬਾ ਵਾਸੀਆਂ ਨੇ  ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਵੱਡਾ ਸੰਘਰਸ਼ ਕਰਦਿਆਂ ਅਥਾਹ ਕੁਰਬਾਨੀਆਂ  ਦਿੱਤੀਆਂ। 50ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਰਾਹੀਂ  ਨਵੀਂ ਪੀੜ੍ਹੀ ਨੂੰ ਪੰਜਾਬੀ ਸੂਬੇ ਦੇ ਇਤਿਹਾਸ, ਕੁਰਬਾਨੀਆਂ ਅਤੇ ਅਹਿਮੀਅਤ ਤੋਂ
ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬੀ ਸੂਬੇ ਦੇ ਇਤਿਹਾਸ  ਸਬੰਧੀ ਇਕ ਡਾਕੂਮੈਂਟਰੀ ਫਿਲਮ ਬਣਾਈ ਜਾ ਰਹੀ ਹੈ ਜਿਸ ਨੂੰ ਸਮਾਗਮਾਂ ਦੌਰਾਨ
ਦਿਖਾਇਆ ਜਾਵੇਗਾ।