ਚੰਡੀਗੜ੍ਹ: "ਬੀਜੇਪੀ ਤੋਂ ਰਾਜ ਸਭਾ ਦੀ ਮੈਂਬਰਸ਼ਿਪ ਛੱਡਣ ਵਾਲੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਪਰਗਟ ਸਿੰਘ ਆਮ ਆਦਮੀ ਪਾਰਟੀ ਵਿੱਚ ਆ ਸਕਦੇ ਹਨ ਪਰ ਬਿਨਾ ਸ਼ਰਤ ਤੋਂ। ਕਿਸੇ ਵੀ ਆਗੂ ਲਈ ਪਾਰਟੀ ਦਾ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ।" ਇਹ ਦਾਅਵਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ। ਚੰਡੀਗੜ੍ਹ ਵਿੱਚ 'ਏਬੀਪੀ ਸਾਂਝਾ' ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਪਾਰਟੀ ਦਾ ਸੰਵਿਧਾਨ ਹੈ ਕਿ ਪਰਿਵਾਰ ਵਿੱਚ ਸਿਰਫ਼ ਇੱਕ ਨੂੰ ਹੀ ਟਿਕਟ ਮਿਲੇਗੀ। ਇਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ।
ਮਾਨ ਨੇ ਆਖਿਆ ਕਿ ਫਿਰ ਨਵਜੋਤ ਸਿੰਘ ਸਿੱਧੂ ਦੇ ਚੰਗੇ ਅਕਸ ਨੂੰ ਦੇਖਦੇ ਹੋਏ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ ਪਰ ਬਿਨਾਂ ਸ਼ਰਤ। ਨਾਲ ਹੀ ਉਨ੍ਹਾਂ ਆਖਿਆ ਕਿ ਜੇਕਰ ਸਿੱਧੂ ਪਾਰਟੀ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਵੀ ਉਨ੍ਹਾਂ ਦਾ ਸਨਮਾਨ ਘੱਟ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਸਿੱਧੂ ਮਾਮਲੇ ਉੱਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਟਵੀਟ ਕਰਕੇ ਸਥਿਤੀ ਸਪਸ਼ਟ ਕਰ ਚੁੱਕੇ ਹਨ। ਭਗਵੰਤ ਮਾਨ ਨੇ ਆਖਿਆ ਕਿ ਆਪ ਦਾ ਮਿਸ਼ਨ ਲਾਲ ਬੱਤੀ ਜਾਂ ਕੁਰਸੀ ਨਹੀਂ ਸਗੋਂ ਮਿਸ਼ਨ ਪੰਜਾਬ ਹੈ।
ਭਗਵੰਤ ਮਾਨ ਦੇ ਤਾਜ਼ਾ ਬਿਆਨ ਨਾਲ ਸਪਸ਼ਟ ਹੋ ਗਿਆ ਹੈ ਕਿ ਉਪਰੋਕਤ ਦੋਹਾਂ ਆਗੂਆਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਹੁਣ ਬੈਕਫੁੱਟ ਉੱਤੇ ਖੇਡਣ ਦੀ ਨੀਤੀ ਅਪਣਾਈ ਹੈ। ਪਾਰਟੀ ਨੇ ਆਪ ਪਹਿਲ ਕਰਨ ਦੀ ਥਾਂ ਹੁਣ ਗੇਂਦ ਦੋਵਾਂ ਆਗੂਆਂ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ ਤੇ ਨਾਲ ਹੀ ਸਪਸ਼ਟ ਕਰ ਦਿੱਤਾ ਹੈ ਕਿ ਸ਼ਰਤ ਕੋਈ ਨਹੀਂ ਚੱਲੇਗੀ। ਭਗਵੰਤ ਮਾਨ ਨੇ ਤਾਜ਼ਾ ਬਿਆਨ ਰਾਹੀਂ ਕਈ ਦਿਨਾਂ ਤੋਂ ਮੀਡੀਆ ਵਿੱਚ ਉਪਰੋਕਤ ਆਗੂਆਂ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਲੱਗਾ ਦਿੱਤਾ ਹੈ। ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਉੱਤੇ ਨਾਰਾਜ਼ਗੀ ਪ੍ਰਗਟਾਉਣ ਵਾਲੇ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਮੁੱਦੇ ਉੱਤੇ ਬੋਲਦਿਆਂ ਉਨ੍ਹਾਂ ਆਖਿਆ ਕਿ ਲੋਕਤੰਤਰਿਕ ਪਾਰਟੀ ਹੈ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਬ੍ਰਹਮਣ ਸਭਾ ਨੇ ਆਪ ਆਦਮੀ ਪਾਰਟੀ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਸਭਾ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਨੇ ਆਖਿਆ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਗਲਤ ਨੀਤੀਆਂ ਦੇ ਕਾਰਨ ਉਹਨਾਂ ਪਾਰਟੀ ਨੂੰ ਸਮਰੱਥਨ ਦੇਣ ਦਾ ਫੈਸਲਾ ਕੀਤਾ ਹੈ।