ਚੰਡੀਗੜ੍ਹ: ਪੰਜਾਬ ਦੀ ਇੱਕ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ (ਬੀਡੀਪੀਓ) ਨੇ ਆਪਣੀ ਹੀ ਸਰਕਾਰ ਖਿਲਾਫ ਅਵਾਜ਼ ਚੁੱਕੀ ਹੈ। ਅਬੋਹਰ 'ਚ ਤਾਇਨਾਤ ਬੀਡੀਪੀਓ ਬਲਜੀਤ ਕੌਰ ਨੇ ਸਰਕਾਰ ਵੱਲੋਂ ਪ੍ਰਚਾਰ ਲਈ ਭੇਜੀਆਂ ਵੈਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਹੈ। ਇਸ ਪ੍ਰਚਾਰ ਨੀਤੀ ਨੂੰ ਗਲਤ ਕਰਾਰ ਦਿੰਦਿਆਂ ਇਸ ਔਰਤ ਅਫਸਰ ਨੇ ਸਰਕਾਰ ਦੇ ਇਸ ਕਦਮ 'ਚ ਸਾਥ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਦਰਅਸਲ ਬਲਜੀਤ ਕੌਰ ਢਿੱਲੋਂ ਨੇ ਸਰਕਾਰ ਦੀਆਂ ਪ੍ਰਚਾਰ ਵੈਨਾਂ ਨੂੰ ਲੈ ਕੇ ਆਪਣੀ ਫੇਸਬੁਕ 'ਤੇ ਇੱਕ ਪੋਸਟ ਪਾਈ। ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਸਰਕਾਰ ਨੇ ਇਸ ਪੋਸਟ ਨੂੰ ਲੈ ਕੇ ਬੀਡੀਪੀਓ ਖਿਲਾਫ ਕਾਰਵਾਈ ਵੀ ਕਰ ਦਿੱਤੀ ਹੈ। ਬਲਜੀਤ ਕੌਰ ਨੂੰ ਅਬੋਹਰ ਦੇ ਬੀਡੀਪੀਓ ਵਜੋਂ ਹਟਾ ਕੇ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਵਾਇਰਲ ਹੋਈ ਪੋਸਟ 'ਚ ਆਖਰ ਕੀ ਲਿਖਿਆ ਹੈ, ਜਾਣਨ ਲਈ ਪੜੋ:-
ਬਲਜੀਤ ਕੌਰ ਢਿੱਲੋਂ ਬੀਡੀਪੀਓ ਦੇ ਫੇਸਬੁਕ ਪੇਜ਼ ਦੀ ਪੋਸਟ:-
ਦੇਸ਼ ਅਤੇ ਵਿਦੇਸ਼ ਬੈਠੇ ਵੀਰਾਂ, ਭੈਣਾਂ ਅਤੇ ਮਾਤਾਵਾਂ ਨੂੰ ਅਦਬ, ਸਤਿਕਾਰ ਅਤੇ ਨਿਮਰਤਾ ਸਾਹਿਤ ਸਤਿ ਸ੍ਰੀ ਅਕਾਲ। ਮੈਂ ਆਪ ਜੀ ਦੇ ਧਿਆਨ ਵਿੱਚ ਬਹੁਤ ਜਰੂਰੀ ਗੱਲ ਲਿਆਉਣਾ ਚਾਹੁੰਦੀ ਹਾਂ ਕਿ ਪਿੰਡਾ ਅਤੇ ਸ਼ਹਿਰਾਂ ਵਿੱਚ ਵੈਨਾਂ ਆਈਆਂ ਹਨ ! ਜਿਨਾਂ ਰਾਹੀਂ ਚਾਰ ਸਾਹਿਬਜਾਦੇ ਫਿਲਮ ਦਿਖਾਉਣ ਦੇ ਬਹਾਨੇ ਨਾਲ ਸਰਕਾਰ ਆਪਣੀ ਵਾਹ ਵਾਹ ਖੱਟਣਾ ਚਾਹੁੰਦੀ ਹੈ! ਜੋ ਕਿ ਸਿੱਖ ਧਰਮ ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਨਿਯਮਾਂ ਦੀ ਸਰੇਆਮ ਘੋਰ ਉਲੰਘਣਾ ਹੈ! ਮੇਰਾ ਮਨ ਉਸ ਟਾਈਮ ਬਹੁਤ ਦੁਖੀ ਹੋਇਆ ਜਦੋਂ ਮੈਂ ਵੈਨ 'ਤੇ ਚਾਰ ਸਾਹਿਬਜਾਦੇ ਚਲਦੀ ਫਿਲਮ ਦੇ ਬਰਾਬਰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਫੋਟੋਆਂ ਲੱਗੀਆਂ ਦੇਖੀਆਂ!
ਗੁਰੂ ਸਾਹਿਬਨਾਂ ਦੀ ਮਾਣ ਮਰਿਆਦਾ ਨੂੰ ਭੰਗ ਹੁੰਦਾ ਦੇਖ ਕੇ ਮੇਰੇ ਦਿਲ ਨੂੰ ਭਾਰੀ ਅਤੇ ਡੂੰਘੀ ਸੱਟ ਹੀ ਨਹੀਂ ਵੱਜੀ ਬਲਕਿ ਦਿਲ ਕੰਬ ਅਤੇ ਰੋ ਉੱਠਿਆ! ਇਨਸਾਨ ਚਾਹੇ ਜਿੰਨਾਂ ਮਰਜੀ ਵੱਡਾ ਹੋਵੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਪਰ ਕਿਸੇ ਵੀ ਇਨਸਾਨ ਨੂੰ ਗੁਰੂ ਸਾਹਿਬਾਨਾਂ ਦੇ ਬਰਾਬਰ ਫੋਟੋ ਲਗਾਉਣ ਦਾ ਕੋਈ ਹੱਕ ਨਹੀਂ! ਗੁਰੂ ਸਾਹਿਬਾਨਾਂ ਨੇ ਦੇਸ ਪਿੱਛੇ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਵਾਰ ਦਿੱਤੀਆਂ! ਗੁਰੂ ਸਾਹਿਬਾਨ ਸ੍ਰਿਸ਼ਟੀ ਦੇ ਮਾਲਕ ਨੇ! ਸਾਡਾ ਹਰ ਟਾਈਮ ਗੁਰੂ ਸਾਹਿਬਾਨਾਂ ਅੱਗੇ ਸਿਰ ਝੁੱਕਦਾ ਹੈ ਪਰ ਰਾਜਨੀਤਿਕ ਲ਼ੋਕਾਂ ਨੂੰ ਗੁਰੂ ਸਾਹਿਬਾਨਾ ਦੇ ਬਰਾਬਰ ਫੋਟੋਆਂ ਲਗਾਉਂਦੇ ਪਤਾ ਨੀਂ ਕਿਉਂ ਨੀ ਡਰ ਲੱਗਦਾ!
ਦੁੱਖ ਦੀ ਗੱਲ ਕਿ ਲੋਕਾਂ ਨੇ ਇਸ ਅਤਿ ਘਿਨੌਣੀ ਹਰਕਤ ਦਾ ਦੁੱਖ ਤਾਂ ਕੀ ਮਨਾਉਣਾਂ ਸੀ, ਕਿਸੇ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ! ਉਲਟਾ ਚਲਦੀ ਫਿਲਮ ਦੇ ਬਰਾਬਰ ਰਾਜਨੀਤਿਕ ਲੋਕਾਂ ਦੀਆਂ ਫੋਟੋਆਂ ਦੇਖ ਕੇ ਪਕੌੜੇ ਖਾ ਕੇ ਘਰਾਂ ਨੂੰ ਚਲੇ ਗਏ! ਪਰ ਕਿਸੇ ਵੀ ਇਨਸਾਨ ਨੇ ਇਹ ਨਹੀਂ ਸੋਚਿਆ ਕਿ ਰਾਜਨੀਤਿਕ ਲੋਕ ਸਾਡੇ ਗੁਰੂ ਸਾਹਿਬਾਨਾਂ ਦੀ ਕਿਸ ਤਰਾਂ ਬੇਅਦਬੀ ਕਰ ਰਹੇ ਹਨ ! ਇਥੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਮਾਣ ਮਰਿਆਦਾ ਦਾ ਲੋਕਾਂ ਨੂੰ ਕੋਈ ਮਤਲਬ ਨਹੀਂ ਬੱਸ ਪਕੌੜੇ ਅਤੇ ਜਲੇਬੀਆਂ ਖਾਣ ਤੱਕ ਮਤਲਬ ਹੈ! ਫਿੱਟ ਲਾਹਨਤ ਹੈ ਇਹੋ ਜਿਹੇ ਲੋਕਾਂ ਦੇ ਜਿੰਨਾਂ ਨੂੰ ਗੁਰੂ ਸਾਹਿਬਾਨਾਂ ਦੀ ਮਾਣ ਮਰਿਆਦਾ ਦਾ ਨਹੀਂ ਪਤਾ !
ਅਸੀ ਘਰਾਂ ਵਿੱਚ ਗੁਰੂ ਸਾਹਿਬਾਨਾਂ ਦੇ ਅਲੱਗ ਰੂਮ ਬਣਾਏ ਹੋਏ ਹਨ ਜਿੰਨਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ 100 ਵਾਰ ਡਰਦੇ ਹਾਂ ਅਤੇ ਮਾਣ ਮਰਿਆਦਾ ਅਨੁਸਾਰ ਦਾਖਲ ਹੁੰਦੇ ਹਾਂ ! ਪਰ ਅਤਿ ਘਿਨੌਣੀਆਂ ਹਰਕਤਾਂ ਕਰਨ ਵਾਲੇ ਪਤਾ ਨੀ ਕਿਉਂ ਨੀ ਡਰਦੇ! ਇਸ ਅਤਿ ਘਿਨੌਣੀ ਹਰਕਤਾਂ ਦਾ ਮੇਰੇ ਵੱਲੋਂ ਵਿਰੋਧ ਕਰਨ ਕਰਕੇ ਮੈਨੂੰ ਬਹੁਤ ਵੱਡੀਆਂ ਸਮੱਸਿਆਵਾਂ ਵਿੱਚੋਂ ਗੁਜਰਨਾਂ ਪੈ ਰਿਹਾ ਹੈ! ਪਰ ਗੁਰੂ ਸਾਹਿਬਾਨਾਂ ਪਿੱਛੇ ਮੇਰੀ ਜਾਨ ਵੀ ਹਾਜਰ ਹੈ! ਮੈਂ ਗੁਰੂ ਸਾਹਿਬਾਨਾਂ ਦੀ ਬੇਅਦਬੀ ਅਤੇ ਮਾਣ ਮਰਿਆਦਾ ਭੰਗ ਹੁੰਦੀ ਕਦੀ ਵੀ ਬਰਦਾਸਤ ਨਹੀਂ ਕਰਾਂਗੀ! ਚਾਹੇ ਮੇਰੀ ਜਾਨ ਚਲੀ ਜਾਵੇ ! ਜੇਕਰ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਫਿਰ ਵੀ ਜੇਕਰ ਨਾਂ ਚੰਗੇ ਲੱਗੇ ਫਿਰ ਵੀ ਕੁਮੈਂਟ, ਸ਼ੇਅਰ ਅਤੇ ਲਾਈਕ ਜਰੂਰ ਕਰਿਓ !
ਬਲਜੀਤ ਕੌਰ ਢਿੱਲੋਂ, ਬੀ.ਡੀ.ਪੀ.ਓ ਅਬੋਹਰ