ਜਲੰਧਰ: ਨਾਭਾ ਜੇਲ੍ਹ ਬਰੇਕ ਮਾਮਲੇ 'ਚ ਮਿਲ ਰਹੀ ਜਾਣਕਾਰੀ ਮੁਤਾਬਕ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਨੂੰ ਭਜਾਉਣ ਦੀ ਕੋਈ ਪਲੈਨਿੰਗ ਨਹੀਂ ਸੀ। ਦਰਅਸਲ ਇਹ ਪੂਰੀ ਸਾਜਿਸ਼ ਸਿਰਫ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਤੋਂ ਫਰਾਰ ਕਰਨ ਲਈ ਰਚੀ ਗਈ ਸੀ। ਜਲੰਧਰ ਦੇ ਗੈਂਗਸਟਰ ਪ੍ਰੇਮਾ ਲਹੌਰੀਆ ਤੇ ਪਿੰਦਾ ਦੀ ਗੈਂਗ ਨੇ ਨਾਭਾ ਜੇਲ੍ਹ ਬਰੇਕ ਕਰਨ ਦੀ ਸਾਜਿਸ਼ ਰਚੀ। ਪਰ ਜਿਸ ਵੇਲੇ ਨਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਭਜਾਇਆ ਜਾ ਰਿਹਾ ਸੀ ਤਾਂ ਖਾਲਿਸਤਾਨੀ ਮਿੰਟੂ ਵੀ ਇਹਨਾਂ ਦੇ ਨਾਲ ਫਰਾਰ ਹੋ ਗਿਆ ਸੀ।


ਹੁਣ ਤੁਹਾਨੂੰ ਦੱਸਦੇ ਹਾਂ ਕਿ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਹੈ ਕੌਣ ?

ਜਲੰਧਰ ਦੇ ਕਸਬਾ ਭੋਗਪੁਰ ਦੇ ਡੱਲੀ ਪਿੰਡ ਦਾ ਰਹਿਣ ਵਾਲਾ ਹੈ ਹਰਮਿੰਦਰ ਸਿੰਘ ਮਿੰਟੂ। ਜੇਲ੍ਹ ਤੋਂ ਫਰਾਰ ਹੋਇਆ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ। ਉਹ 25 ਸਾਲ ਵਿਦੇਸ਼ ‘ਚ ਰਿਹਾ ਸੀ। ਮਿੰਟੂ ਜਿਆਦਾ ਸਮਾਂ ਯੁਰੌਪ ਤੇ ਥਾਈਲੈਂਡ 'ਚ ਰਿਹਾ ਹੈ। ਉਸ ਕੋਲ 2 ਤੋਂ ਜਿਆਦਾ ਪਾਸਪੋਰਟ ਸਨ। ਇਸ ਦੇ ਖਿਲਾਫ ਦੇਸ਼ਧ੍ਰੋਹ ਦੇ 10 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਨੇ ਮਿੰਟੂ ਨੂੰ ਇੰਟਰਪੋਲ ਦੀ ਮਦਦ ਨਾਲ ਸਾਲ 2014 ‘ਚ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤ ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਾ ਮਿੰਟੂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੋਂ ਵੀ ਟ੍ਰੇਨਿੰਗ ਲੈ ਚੁੱਕਾ ਹੈ।  ਸੁਰੱਖਿਆ ਏਜੰਸੀਆਂ ਮੁਤਾਬਕ ਆਈਐਸਆਈ ਹੀ ਮਿੰਟੂ ਨੂੰ ਹਥਿਆਰ ਤੇ ਹੋਰ ਮਦਦ ਦਿੰਦੀ ਸੀ। 

ਹਰਮਿੰਦਰ ਮਿੰਟੂ ਤੇ ਸਾਲ 2008 ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਇਸ ਦੇ ਨਾਲ ਹੀ 2010 'ਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਧਮਾਕਾਖੇਜ਼ ਸਮੱਗਰੀ ਲੁੱਟਣ ਦਾ ਇਲਜ਼ਾਮ ਵੀ ਮਿੰਟੂ ਤੇ ਹੈ। ਉਸ ਤੇ ਪੰਜਾਬ 'ਚ ਸ਼ਿਵ ਸੈਨਾ ਦੇ ਤਿੰਨ ਲੀਡਰਾਂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵੀ ਦਰਜ ਹਨ।