ਫਿਰੋਜ਼ਪੁਰ: ਭਾਰਤ ਵੱਲੋਂ ਪੀਓਕੇ 'ਚ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਸਰਹੱਦ 'ਤੇ ਬਣਿਆ ਤਣਾਅ ਹੌਲੀ-ਹੌਲੀ ਘੱਟ ਹੋਣ ਲੱਗਾ ਹੈ। ਪੰਜਾਬ ਸਰਹੱਦੀ ਇਲਾਕੇ ਦੇ 10 ਕਿਲੋਮੀਟਰ ਇਲਾਕੇ ਅੰਦਰ ਬੰਦ ਕੀਤੇ ਗਏ ਸਾਰੇ ਸਕੂਲ ਫਿਰ ਤੋਂ ਖੋਲ ਦਿੱਤੇ ਗਏ ਹਨ। ਲੋਕ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀ ਫਸਲ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ।



ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਨੂੰ ਦੇਖਦਿਆਂ ਸਰਹੱਦੀ ਪਿੰਡਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੋਲਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਤੋਂ ਮਿਲੇ ਨਿਰਦੇਸ਼ਾਂ ਤਹਿਤ ਜਿ਼ਲ੍ਹਾ ਸਿੱਖਿਆ ਅਫਸਰਾਂ ਵੱਲੋਂ ਲਿਖਤੀ ਆਰਡਰ ਜਾਰੀ ਕਰਦਿਆਂ ਸਕੂਲ ਪ੍ਰਬੰਧਕਾਂ ਨੂੰ ਜਿਥੇ ਕਲਾਸਾਂ ਲਗਾਉਣ ਦੇ ਹੁਕਮ ਕੀਤੇ, ਉਥੇ ਬੱਚਿਆਂ ਦੇ ਮਾਪਿਆਂ ਤੱਕ ਸਕੂਲ ਖੁੱਲ੍ਹਣ ਦੀ ਜਾਣਕਾਰੀ ਦੇਣ ਦੀ ਵੀ ਗੱਲ ਕੀਤੀ ਹੈ।


ਫਿਰੋਜਪੁਰ ਦੇ ਹੂਸੈਨੀਵਾਲਾ ਸਰਹੱਦ ਨੇੜੇ ਵਸਦੇ ਪਿੰਡਾਂ 'ਚ ਰੌਣਕਾਂ ਦੁਬਾਰਾ ਲੱਗਣ ਲੱਗੀਆਂ ਹਨ। ਲੋਕ ਖੇਤਾਂ 'ਚ ਕੰਮ ਕਰਦੇ ਨਜਰ ਆਉਣ ਲੱਗੇ ਹਨ। ਪਿੰਡ ਦੀਆਂ ਸੱਥਾਂ 'ਚ ਚਰਚਾਵਾਂ ਫਿਰ ਹੋਣ ਲੱਗੀਆਂ ਹਨ। ਪਹਿਲਾਂ ਤੋਂ ਹੀ ਸਕੂਲਾਂ ਵਿਚ ਹਾਜ਼ਰ ਸਟਾਫ ਨੇ ਜਿਥੇ ਬੱਚਿਆਂ ਦੇ ਆਉਂਦਿਆਂ ਹੀ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਉਥੇ ਅਨਾਊਂਸਮੈਂਟ ਕਰਕੇ ਦੂਸਰੇ ਬੱਚਿਆਂ ਦੀ ਵੀ ਸਕੂਲਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।