ਰੋਪੜ: ਸੈਂਟਰਲ ਕੋਆਪਰੇਟਿਵ ਬੈਂਕ 'ਚ 500 ਤੇ 1000 ਦੇ ਨੋਟ ਨਹੀਂ ਲੈਣ ਦੇ ਸਰਕਾਰੀ ਫੈਸਲੇ ਤੋਂ ਜਿੱਥੇ ਜਨਤਾ ਪ੍ਰੇਸ਼ਾਨ ਹੈ, ਉੱਥੇ ਹੀ ਬੈਂਕ ਕਰਮਚਾਰੀ ਵੀ ਜਨਤਾ ਦੇ ਹੱਕ 'ਚ ਨਿੱਤਰਦਿਆਂ ਸਰਕਾਰ ਦੇ ਇਸ ਫੈਸਲੇ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ। ਅੱਜ ਰੋਪੜ ਦੀ ਸੈਂਟਰਲ ਕੋਆਪਰੇਟਿਵ ਬੈਂਕ ਦੇ ਕਰਮਚਾਰੀਆਂ ਨੇ ਆਰ.ਬੀ.ਆਈ. ਖਿਲਾਫ ਰੋਸ ਜਤਾਉਂਦਿਆਂ ਬੈਂਕ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ।

ਕੋਆਪਰੇਟਿਵ ਬੈਂਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਿਲਰਾਜ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਲਈ ਵੱਡੀ ਮੁਸੀਬਤ ਪੈਦਾ ਹੋਈ ਹੈ। ਇਸ ਦਾ ਸਹਿਕਾਰੀ ਬੈਂਕਾਂ 'ਤੇ ਬੁਰਾ ਅਸਰ ਪਏਗਾ ਕਿਉਂਕਿ ਇਹਨਾਂ ਬੈਂਕਾਂ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਹੀ ਖਾਤੇ ਹਨ। ਅਜਿਹੇ 'ਚ ਕਿਸਾਨ ਆਪਣੇ ਪੁਰਾਣੇ 500 ਤੇ 1000 ਦੇ ਨੋਟ ਬਦਲਾਉਣ ਲਈ ਆਖਰ ਕਿੱਥੇ ਜਾਣ।

ਦਰਅਸਲ ਬੀਤੇ ਦਿਨੀਂ ਆਰ.ਬੀ.ਆਈ. ਵੱਲੋਂ ਸਹਿਕਾਰੀ ਬੈਂਕਾਂ ਨੂੰ ਇੱਕ ਫਰਮਾਨ ਭੇਜਿਆ ਗਿਆ ਸੀ ਜਿਸ ਤਹਿਤ ਕੋਆਪਰੇਟਿਵ ਬੈਂਕਾਂ 'ਚ 500 ਤੇ 1000 ਦੇ ਨੋਟ ਨਾ ਲੈਣ ਦਾ ਹੁਕਮ ਦਿੱਤਾ ਗਿਆ ਸੀ। ਅਜਿਹੇ 'ਚ ਬੈਂਕਾਂ ਨੇ ਪੁਰਾਣੇ ਨੋਟ ਲੈਣੇ ਬੰਦ ਕੀਤੇ ਹੋਏ ਹਨ ਪਰ ਕਿਸਾਨ ਇਸ ਫੈਸਲੇ ਤੋਂ ਬਾਅਦ ਵੱਡੀ ਪ੍ਰੇਸ਼ਾਨੀ 'ਚ ਹਨ।