ਜਲੰਧਰ: ਸ਼ਹਿਰ 'ਚ ਵਾਪਰਿਆ ਇੱਕ ਵੱਡਾ ਸੜਕ ਹਾਦਸਾ। ਇੱਥੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਵਾਪਰੇ ਸੜਕ ਹਾਦਸੇ 'ਚ ਕਰੀਬ 17 ਲੋਕ ਜ਼ਖਮੀ ਹਨ, ਡਰਾਈਵਰ ਸਮੇਤ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸਾ ਐਤਵਾਰ ਰਾਤ ਕਰੀਬ 9 ਵਜੇ ਵਾਪਰਿਆ। ਇਹ ਹਾਦਸਾ ਇੱਕ ਬੱਸ ਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ ਹੈ। ਫਿਲਹਾਲ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਸੈਨੀ ਮੋਟਰਸ ਦੀ ਬੱਸ ਜਲੰਧਰ ਤੋਂ ਪਠਾਨਕੋਟ ਜਾ ਰਹੀ ਸੀ। ਬੱਸ ਵਿੱਚ ਸਵਾਰ ਲੋਕਾਂ ਮੁਤਾਬਕ ਡਰਾਈਵਰ ਫੋਨ 'ਤੇ ਗੱਲ ਕਰ ਰਿਹਾ ਸੀ। ਅਜਿਹੇ 'ਚ ਉਸ ਦਾ ਸਾਹਮਣੇ ਪੂਰਾ ਧਿਆਨ ਨਹੀਂ ਸੀ। ਜਿਸ ਦੇ ਚੱਲਦੇ ਬੱਸ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ 'ਚ ਸਵਾਰ ਕਰੀਬ 17 ਲੋਕ ਬੁਰੀ ਤਰਾਂ ਜਖਮੀ ਹੋ ਗਏ। ਫਿਲਹਾਲ ਜਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪਰ ਡਰਾਈਵਰ ਸਮੇਤ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਲਾਂਕਿ ਸਮੇਂ ਸਮੇਂ 'ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਕਈ ਲੋਕ ਲਾਪਰਵਾਹੀ ਵਰਤਦੇ ਹਨ। ਏਬੀਪੀ ਸਾਂਝਾ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ, ਤੁਹਾਡੀ ਥੋੜੀ ਜਿਹੀ ਲਾਪਰਵਾਹੀ ਜਾਨਲੇਵਾ ਹੋ ਸਕਦੀ ਹੈ।