ਲੁਧਿਆਣਾ: ਸਤਲੁਜ ਦਰਿਆ 'ਚ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਲੁਧਿਆਣਾ ਦੀ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਇਹ 4 ਨੌਜਵਾਨ ਗਣਪਤੀ ਵਿਸਰਜਣ ਕਰਨ ਲਈ ਗਏ ਸਨ। ਪਰ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਦਰਿਆ 'ਚ ਰੁੜ ਗਏ। ਹਾਲਾਂਕਿ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਇਹਨਾਂ ਨੂੰ ਥੋੜੀ ਦੇਰ 'ਚ ਹੀ ਬਾਹਰ ਕੱਢ ਲਿਆ ਸੀ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਹਨਾਂ ਚਾਰਾਂ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਕ ਇਸਲਾਮਗੰਜ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਦੀ ਪਹਿਚਾਣ ਸੁਨੀਲ ਕੁਮਾਰ, ਵਿਜੈ ਕੁਮਾਰ, ਕੂਚਾ ਰਾਮ ਤੇ ਇਹਨਾਂ ਦੇ ਇੱਕ ਹੋਰ ਦੋਸਤ ਵਜੋਂ ਹੋਈ ਹੈ। ਪੁਲਿਸ ਮੁਤਾਬਕ ਚਾਰੇ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਹੈ। ਇਹ ਕੁੱਝ ਸਾਥੀਆਂ ਨਾਲ ਪਾਣੀ ’ਚ ਮੂਰਤੀ ਵਿਸਰਜਿਤ ਕਰਨ ਲਈ ਉਤਰੇ ਸਨ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਗਹਿਰੇ ਪਾਣੀ ’ਚ ਜਾਣ ਲਈ ਵੀ ਰੋਕਿਆ ਸੀ। ਪਰ ਰੋਕਣ ਦੇ ਬਾਵਜੂਦ ਇਹ ਅੱਗੇ ਚਲੇ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਸੰਭਲ ਨਹੀਂ ਸਕੇ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਇਹਨਾਂ ਨੌਜਵਾਨਾਂ ਨੂੰ ਡੁੱਬਦੇ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਜਿਸ 'ਤੇ ਉੱਥੇ ਮੌਜੂਦ ਗੋਤਾਖੋਰਾਂ ਨੇ ਇਹਨਾਂ ਨੂੰ ਕੱਢਣ ਲਈ ਪਾਣੀ ’ਚ ਛਾਲ ਮਾਰੀ। ਪਰ ਉਹ ਕਾਫੀ ਦੂਰ ਤੱਕ ਨਿਕਲ ਚੁੱਕੇ ਸਨ। ਹਾਲਾਂਕਿ ਥੋੜੀ ਦੇਰ ਬਾਅਦ ਗੋਤਾਖੋਰਾਂ ਨੇ ਇਨ੍ਹਾਂ ਨੂੰ ਬਾਹਰ ਕੱਢ ਲਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਚਾਰਾਂ ਨੂੰ ਹਸਪਤਾਲ ਪਹੁੰਚਾਇਆ। ਜਿਥੋਂ ਡਾਕਟਰਾਂ ਨੇ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ। ਪਰ ਸੀਐਮਸੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।