ਲੁਧਿਆਣਾ: ਸ਼ਹਿਰ ਦੇ ਪੌਸ਼ ਇਲਾਕੇ ਸਿਵਲ ਲਾਈਨ-ਟੈਗੋਰ ਨਗਰ ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ। ਇੱਥੇ ਇੱਕ ਪ੍ਰੋਪਰਟੀ ਡੀਲਰ ਦੇ ਘਰ ਤੋਂ ਲੁਟੇਰਿਆਂ ਨੇ 8 ਲੱਖ ਨਕਦੀ ਤੇ ਵੱਡੀ ਮਾਤਰਾ 'ਚ ਸੋਨਾ ਲੁੱਟਿਆ ਹੈ। ਲੁਟੇਰਿਆਂ ਨੇ ਡੀਲਰ ਦੀ ਪਤਨੀ ਨੂੰ ਬੰਧਕ ਬਣਾ ਕੇ ਕੁੱਟਮਾਰ ਵੀ ਕੀਤੀ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਸਨਸਨੀ ਫੈਲਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪ੍ਰੋਪਰਟੀ ਡੀਲਰ ਰੌਸ਼ਨ ਲਾਲ ਕੱਲ੍ਹ ਘਰ ਨਹੀਂ ਸੀ। ਉਸ ਦੇ ਘਰ ਕੁੱਝ ਵਿਅਕਤੀ ਆਏ। ਜਿੰਨਾਂ ਰੋਸ਼ਨ ਦੀ ਪਤਨੀ ਅਰਪਨਾ ਨੂੰ ਕਿਹਾ ਕਿ ਉਹ ਉਸ ਦੇ ਪਤੀ ਦੇ ਦੋਸਤ ਹਨ ਤੇ ਜਨਮਦਿਨ ਦਾ ਡੱਬਾ ਦੇਣ ਆਏ ਹਨ। ਹਾਲਾਂਕਿ ਅਰਪਨਾ ਨੇ ਉਨ੍ਹਾਂ ਨੂੰ ਪਹਿਚਾਨਣ ਤੋਂ ਇਨਕਾਰ ਕਰਦਿਆਂ ਆਪਣੇ ਪਤੀ ਨੂੰ ਫੋਨ ਕਰਨ ਦੀ ਗੱਲ ਕਹੀ। ਅਜੇ ਉਹ ਫੋਨ ਕਰਨ ਹੀ ਲੱਗੀ ਸੀ ਕਿ ਲੁਟੇਰੇ ਘਰ ਅੰਦਰ ਦਾਖਲ ਹੋ ਗਏ। ਫਨ੍ਹਾਂ ਅਰਪਨਾ ਨਾਲ ਕੁੱਟਮਾਰ ਕਰ ਬੰਧਕ ਬਣਾ ਲਿਆ।
ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਅੰਦਰ ਪਿਆ ਕਰੀਬ 8 ਲੱਖ ਰੁਪਏ ਕੈਸ਼ ਤੇ ਸੋਨਾ ਲੁੱਟ ਲਿਆ ਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਹ ਲੁਟੇਰੇ ਸਕਾਰੋਪੀਓ ਗੱਡੀ 'ਤੇ ਆਏ ਸਨ। ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਤੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਤੋਂ ਮਿਲੀਆਂ ਤਸਵੀਰਾਂ ਦੇ ਜ਼ਰੀਏ ਮੁਲਜ਼ਮਾਂ ਨੂੰ ਲੱਬਣ ਦੀ ਕੋਸ਼ਿਸ਼ ਕਰ ਰਹੀ ਹੈ।