ਲੁਧਿਆਣਾ: ਇਸ ਵਾਰ ਬੱਚੇ ਦੇਸ਼ ਦਾ ਆਜ਼ਾਦੀ ਦਿਹਾੜਾ ਨਹੀਂ ਮਨਾਉਣਗੇ। ਖਬਰ ਲੁਧਿਆਣਾ ਤੋਂ ਹੈ। ਇੱਥੇ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਨੇ ਇਹ ਐਲਾਨ ਸਕੂਲ ਦੀ ਖੰਡਰ ਹੋ ਰਹੀ ਇਮਾਰਤ ਤੇ ਹੋਰ ਸਹੂਲਤਾਂ ਦੀ ਕਮੀ ਦੇ ਚੱਲਦੇ ਰੋਸ ਜਤਾਉਣ ਲਈ ਕੀਤਾ ਹੈ।
ਸਰਕਾਰੀ ਸਕੂਲ ਦੇ ਬਾਹਰ ਲੱਗੇ ਇਸ ਪੋਸਟਰ 'ਤੇ ਨਜ਼ਰ ਮਾਰੋ। ਇਸ 'ਤੇ ਲਿਖਿਆ ਹੈ, "ਸਾਡੇ ਸਕੂਲ ਦੀ ਹਾਲਤ ਦੇਖੋ, ਅਸੀਂ ਕਿਵੇਂ ਮਨਾਈਏ 15 ਅਗਸਤ ਸਤਿਕਾਰਯੋਗ ਪ੍ਰਧਾਨ ਮੰਤਰੀ ਮੋਦੀ ਜੀ।" ਇਹ ਪੋਸਟਰ ਦੇਖ ਤੁਹਾਡੇ ਮਨ 'ਚ ਕਈ ਸਵਾਲ ਖੜ੍ਹੇ ਹੋਣਗੇ। ਕੀ ਇਸ ਸਕੂਲ ਦੇ ਬੱਚੇ ਖੁਦ ਨੂੰ ਦੇਸ਼ ਦੀ ਅਜਾਦੀ ਦਿਵਸ ਦੀ ਖੁਸ਼ੀ ਦਾ ਹਿੱਸਾ ਨਹੀਂ ਮੰਨਦੇ ਪਰ ਸੱਚਾਈ ਕੁੱਝ ਹੋਰ ਹੈ। ਦਰਅਸਲ ਇਸ ਸਰਕਾਰੀ ਸਕੂਲ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਇੱਥੇ ਪੜ੍ਹਾਈ ਕਰਨਾ ਕਿਸੇ ਵੱਡੇ ਸੰਘਰਸ਼ ਤੋਂ ਘੱਟ ਨਹੀਂ ਹੈ।
ਸਕੂਲ ਦੀ ਇਮਾਰਤ ਲਗਾਤਾਰ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਦੀ ਕੋਈ ਵੀ ਦੀਵਾਰ ਸਹੀ ਸਲਾਮਤ ਨਹੀਂ ਹੈ। ਕਮਰੇ ਛੱਤ ਤੋਂ ਬਿਨਾਂ ਹਨ। ਵਿਦਿਆਰਥੀ ਗਰਮੀ 'ਚ ਜਾਂ ਫਿਰ ਬਰਸਾਤ 'ਚ ਖੁੱਲ੍ਹੇ ਅਸਮਾਨ ਥੱਲੇ ਜਮੀਨ 'ਤੇ ਬੈਠ ਕੇ ਪੜ੍ਹਨ ਨੂੰ ਮਜਬੂਰ ਹਨ। ਇਸ ਸਰਕਾਰੀ ਸਕੂਲ 'ਚ ਕੁੱਲ 57 ਬੱਚੇ ਪੜ੍ਹ ਰਹੇ ਹਨ। ਇਨ੍ਹਾਂ ਬੱਚਿਆਂ ਦੇ ਦਰਦ ਨੂੰ ਦੇਖਦਿਆਂ ਸਥਾਨਕ ਨਿਵਾਸੀ ਵੀ ਸਾਥ ਦੇ ਰਹੇ ਹਨ ਪਰ ਕਈ ਵਾਰ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੁਝ ਨਹੀਂ ਠੀਕ ਹੋਇਆ। ਪ੍ਰਸ਼ਾਸਨ ਮੁਤਾਬਕ ਸਕੂਲ ਦੀ ਇਮਾਰਤ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੋਣ ਦੇ ਚੱਲਦੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ।