ਚੰਡੀਗੜ੍ਹ: ਨਸ਼ੇ 'ਚ ਧੁੱਤ ਵਿਦਿਆਰਥੀਆਂ ਨੇ ਮਾਮੂਲੀ ਝਗੜੇ ਤੋਂ ਬਾਅਦ 8 ਲੋਕਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਜਾਨਲੇਵਾ ਹਮਲੇ ਦੀਆਂ ਇਹ ਖਤਰਨਾਕ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਹਨ। ਹਮਲੇ ਦਾ ਸ਼ਿਕਾਰ ਹੋਣ ਵਾਲਿਆਂ 'ਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ 5 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 15 'ਚ ਮੰਗਲਵਾਰ ਰਾਤ ਦੀ ਹੈ।


 



ਭੀੜ ਨੂੰ ਕੁਚਲਣ ਵਾਲੀ ਇਸ ਗੱਡੀ ਨੇ ਕਰੀਬ ਢਾਈ ਮਿੰਟ 'ਚ ਜੋ ਕੁੱਝ ਕੀਤਾ, ਉਸ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ। ਤੁਹਾਨੂੰ ਸਿਲਸਿਲੇਵਾਰ ਤਰੀਕੇ ਨਾਲ ਦੱਸਦੇ ਹਾਂ ਕਿ ਸੈਕਟਰ 15 'ਚ ਹੋਇਆ ਕੀ ਸੀ।

 



ਮੰਗਲਵਾਰ ਰਾਤ 11 ਵੱਜ ਕੇ 35 ਮਿੰਟ ਤੇ ਸ਼ਰਾਬ ਦੇ ਨਸ਼ੇ 'ਚ ਟੱਲੀ ਕੁੱਝ ਵਿਦਿਆਰਥੀ ਖੁੱਲ੍ਹੇ 'ਚ ਪੇਸ਼ਾਬ ਕਰਨ ਨੂੰ ਲੈਕੇ ਇੱਕ ਢਾਬੇ ਵਾਲੇ ਨਾਲ ਭਿੜ ਗਏ। ਢਾਬੇ ਵਾਲਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਇੱਥੇ ਵਿਦਿਆਰਥੀ ਹਾਥਾਪਾਈ 'ਤੇ ਉੱਤਰ ਆਏ।

 



ਇਸ ਤੋਂ ਪਹਿਲਾਂ ਕਿ ਆਸਪਾਸ ਦੇ ਦੁਕਾਨਦਾਰ ਇਕੱਠੇ ਹੋ ਕੇ ਮੁੰਡਿਆਂ ਨੂੰ ਘੇਰਦੇ ਉਹ 11.40 'ਤੇ ਆਪਣੀ ਕਰੇਟਾ ਗੱਡੀ ਰਾਹੀਂ ਫਰਾਰ ਹੋ ਗਏ। ਤਸਵੀਰਾਂ 'ਚ ਉਨ੍ਹਾਂ ਨੂੰ ਭੱਜਦੇ ਸਾਫ ਦੇਖਿਆ ਜਾ ਸਕਦਾ ਹੈ। ਕਰੀਬ ਡੇਡ ਮਿੰਟ ਬਾਅਦ ਵਿਦਿਆਰਥੀ ਦੋਬਾਰਾ ਮੌਕੇ 'ਤੇ ਪਹੁੰਚੇ, ਉਦੋਂ ਤੱਕ ਪੁਲਿਸ ਵੀ ਆ ਚੁੱਕੀ ਸੀ। ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੱਸ ਰਹੀਆਂ ਹਨ।



 

ਵਿਦਿਆਰਥੀਆਂ ਦੀ ਗੱਡੀ ਨੂੰ ਸੜਕ 'ਚ ਖੜੇ ਹੋ ਕੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਬਰੇਕ ਲਗਾਉਣ ਦੀ ਥਾਂ ਰੇਸ ਦੱਬ ਦਿੱਤੀ। ਇਸ ਦੌਰਾਨ 8 ਲੋਕ ਬੁਰੀ ਤਰਾਂ ਜਖਮੀ ਹੋ ਗਏ। ਜਖਮੀਆਂ 'ਚ ਇੱਕ ਮੌਕੇ 'ਤੇ ਕਾਰਵਾਈ ਲਈ ਪਹੁੰਚਿਆ ਪੁਲਿਸ ਮੁਲਾਜ਼ਮ ਵੀ ਹੈ। ਟੱਕਰ ਮਾਰਨ ਮਗਰੋਂ ਗੱਡੀ ਮੋਕੇ ਤੋਂ ਫਰਾਰ ਹੋ ਗਈ।

 

 

ਹਮਲੇ ਤੋਂ ਤੁਰੰਤ ਬਾਅਦ ਪੁਲਿਸ ਹਰਕਤ 'ਚ ਆਈ। ਪੁਲਿਸ ਨੇ ਹਮਲੇ 'ਚ ਵਰਤੀ ਗਈ ਕਰੇਟਾ ਗੱਡੀ ਨੂੰ ਬਰਾਮਦ ਕਰ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ 'ਚ ਇੱਕ ਨਬਾਲਿਗ ਹੈ। ਪੁਲਿਸ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰੇਗੀ।