ਅੰਮ੍ਰਿਤਸਰ: ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਭਾਜਪਾ ਵਿੱਚ ਕਿਸੇ ਤਰ੍ਹਾਂ ਦੀ ਫੁੱਟ ਨਾ ਹੋਣ ਦੇ ਸਾਰੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਸਾਰੇ ਪਾਰਟੀ ਆਗੂਆਂ ਨੇ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਵਿਜੇ ਸਾਂਪਲਾ ਨੂੰ ਸੌਂਪ ਦਿੱਤੇ। ਇਹ ਅਸਤੀਫੇ ਭਾਜਪਾ ਵੱਲੋਂ ਨਵੀਂ ਨਿਯੁਕਤ ਕੀਤੀ ਗਈ ਇੰਪਰੂਵਮੈਂਟ ਟਰੱਸਟ ਦੀ ਚੇਅਰ ਪਰਸਨ ਸਰਬਜੀਤ ਕੌਰ ਬਾਠ ਦੀ ਨਿਯੁਕਤੀ ਖਿਲਾਫ ਦਿੱਤੇ ਗਏ।


ਤਰਨ ਤਾਰਨ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਵਰੀਤ ਸਿੰਘ ਸ਼ਾਫੀਪੁਰ ਨੇ ਪਾਰਟੀ ਪ੍ਰਧਾਨ ਨੂੰ ਸੌਂਪੇ ਗਏ ਅਸਤੀਫੇ ਵਿੱਚ ਲਿਖਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਤੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਜਿੱਤੇ ਨਗਰ ਕੌਂਸਲਰਾਂ ਵੱਲੋਂ ਪਾਰਟੀ ਨੂੰ ਅਪ੍ਰੈਲ ਮਹੀਨੇ ਵਿੱਚ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਸਬਜੀਤ ਕੌਰ ਬਾਠ ਹਮੇਸ਼ਾਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ। ਇਸ ਨੂੰ ਅਜਿਹੇ ਅਹੁਦੇ 'ਤੇ ਨਾ ਬਿਠਾਇਆ ਜਾਵੇ ਪਾਰ ਪਾਰਟੀ ਨੇ ਪਿਛਲੇ ਦਿਨੀਂ ਉਨ੍ਹਾਂ ਨੂੰ ਤਰਨ ਤਾਰਨ ਨਗਰ ਸੁਧਾਰ ਟਰੱਸਟ ਦਾ ਚੇਅਰ ਪਰਸਨ ਨਿਯੁਕਤ ਕਰ ਦਿੱਤਾ।

 

 

ਇਸ ਰੋਸ ਵਜੋਂ ਤਰਨ ਤਾਰਨ ਦੇ ਸਾਰੇ ਭਾਜਪਾ ਅਹੁਦੇਦਾਰਾਂ ਨੇ ਆਪਣੇ ਅਸਤੀਫੇ ਉਨ੍ਹਾਂ ਨੂੰ ਦਿੱਤੇ ਸਨ ਜੋ ਉਨ੍ਹਾਂ ਵੱਲੋਂ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੂੰ ਸੌਂਪ ਦਿੱਤੇ ਗਏ ਹਨ। ਇਹ ਅਸਤੀਫੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਗਏ ਹਨ। ਪਾਰਟੀ ਵੱਲੋਂ ਇਨ੍ਹਾਂ ਸਾਰਿਆਂ ਦੇ ਅਸਤੀਫੇ ਮਨਜ਼ੂਰ ਕੀਤੇ ਗਏ ਹਨ ਜਾਂ ਨਹੀਂ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ।