ਚੰਡੀਗੜ੍ਹ: ਪੰਜਾਬ 'ਚ ਕਾਨੂੰਨ ਵਿਵਸਥਾ ਦੀ ਖਰਾਬ ਸਥਿਤੀ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ।ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮਨਪ੍ਰੀਤ ਬਾਦਲ ਨੇ ਸੰਗਰੂਰ 'ਚ ਕਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਬੀਜੇਪੀ ਨੇ ਪੰਜਾਬ ਨੂੰ ਲੁੱਟਣਾ ਹੁੰਦਾ ਹੈ ਤਾਂ ਅਕਾਲੀ ਦਲ-ਬੀਜੇਪੀ ਇਕੱਠੇ ਹੋ ਜਾਂਦੇ ਹਨ ਤੇ ਸਿਰਫ਼ ਲੋਕਾਂ ਨੂੰ ਦਿਖਾਉਣ ਲਈ ਉੱਪਰੋਂ ਉਪਰੋਂ ਲੜਦੇ ਹਨ। ਉਨ੍ਹਾਂ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਤੇ ਤਰਨਤਾਰਨ ਗੈਂਗਵਾਰ 'ਤੇ ਬੋਲਦਿਆਂ ਕਿਹਾ ਕਿ ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਲਾਤਾਂ ਨੂੰ ਠੀਕ ਕਰੇ।
ਬਾਦਲ ਨੇ ਕਿਹਾ ਕਿ ਪੰਜਾਬ 'ਚ ਤਸਕਰਾਂ ਤੇ ਗੈਂਗਸਟਰਾਂ ਨੂੰ ਸਿਆਸੀ ਬੰਦੇ ਹੀ ਪਨਾਹ ਦਿੰਦੇ ਹਨ ਤੇ ਜੇ ਸੂਬੇ 'ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੀ ਤਾਂ ਇਸ ਸੱਭਿਆਚਾਰ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਵਿਧਾਨ ਸਭਾ ਚੋਣਾਂ ਦੀ ਸੰਦਰਭ 'ਚ ਕਿਹਾ ਕਿ ਮੈਂ ਫੌਜੀ ਦੀ ਤਰ੍ਹਾਂ ਤਿਆਰੀ ਕਰ ਰੱਖੀ ਹੈ ਤੇ
ਪਾਰਟੀ ਉਨ੍ਹਾਂ ਨੂੰ ਜਿੱਥੋਂ ਵੀ ਮੈਦਾਨ 'ਚ ਉਤਾਰੇਗੀ ਓਥੇ ਹੀ ਚੋਣ ਲੜਣਗੇ।