ਅੰਮ੍ਰਿਤਸਰ: ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਜਥੇਬੰਦੀ ਦੇ ਸੱਦੇ 'ਤੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 9 ਅਕਤੂਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੰਗਤ ਦੇ ਸਹਿਯੋਗ ਨਾਲ ਸਥਾਨਕ ਰੂਪਨਗਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਈ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਨਗਰ ਕੀਰਤਨ ਵਿੱਚ ਵੱਖ ਵੱਖ ਕੀਰਤਨੀ ਜਥਿਆਂ, ਗੱਤਕਾ ਪਾਰਟੀਆਂ, ਸਕੂਲੀ ਬੱਚਿਆਂ ਤੇ ਬੈਂਡ ਪਾਰਟੀਆਂ ਨੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ।
ਇਹ ਨਗਰ ਕੀਰਤਨ ਰੂਪ ਨਗਰ ਤੋਂ ਭਗਤਾਂ ਵਾਲਾ, ਕਟੜਾ ਕਰਮ ਸਿੰਘ, ਨਮਕ ਮੰਡੀ, ਆਟਾ ਮੰਡੀ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਇਆ। ਪੰਥਕ ਤਾਲਮੇਲ ਜਥੇਬੰਦੀ ਦੇ ਕਨਵੀਨਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਕੀਤੀ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਪਹਿਚਾਣ ਦਾ ਪ੍ਰਤੀਕ ਹੈ। ਜਿਸ ਨੂੰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬਿਪਰਵਾਦੀ ਤਾਕਤਾਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਿੱਚ ਸਫਲ ਹੋ ਸਕਣ।
ਉਨ੍ਹਾਂ ਕਿਹਾ ਕਿ ਹੁਣ ਸਿੱਖ ਜਾਗਰੂਕ ਹੋ ਚੁੱਕੇ ਹਨ ਤੇ ਪੰਥ ਦੋਸ਼ੀਆਂ ਦਾ ਅਜਿਹਾ ਕੋਈ ਮਨਸੂਬਾ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਅਕਾਲ ਪੁਰਖ ਦੀ ਫੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਸਮੁੱਚੀ ਕੌਮ ਨੂੰ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 17 ਅਕਤੂਬਰ ਨੂੰ ਹੈ।