ਮੋਗਾ: ਮਨੀਲਾ 'ਚ ਪੰਜਾਬੀਆਂ ਦੇ ਕਤਲਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜਾ ਘਟਨਾ 'ਚ ਮੋਗਾ ਜਿਲ੍ਹੇ ਦੇ ਪਿੰਡ ਬੌਡੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। 68 ਸਾਲਾ ਮ੍ਰਿਤਕ ਗੁਰਦੇਵ ਸਿੰਘ ਪਿਛਲੇ 27 ਸਾਲ ਤੋਂ ਮਨੀਲਾ 'ਚ ਰਹਿ ਰਿਹਾ ਸੀ।
ਮ੍ਰਿਤਕ ਗੁਰਦੇਵ ਸਿੰਘ ਮਨੀਲਾ 'ਚ ਗੁਰਦੁਆਰਾ ਕਮੇਟੀ ਦਾ ਉੱਪ ਚੇਅਰਮੈਨ ਸੀ। ਉੱਥੇ ਉਸ ਦਾ ਫਾਈਨਾਂਸ ਦਾ ਕੰਮ ਵੀ ਸੀ। ਜਿਸ ਵੇਲੇ ਉਹ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਰਾਸਤੇ 'ਚ ਅਚਾਨਕ ਮੋਟਰਸਾਈਕਲ ਸਵਾਰਾਂ ਨੇ ਟਰੈਫ਼ਿਕ ਲਾਈਟ ’ਤੇ ਹਮਲਾ ਕਰ ਦਿੱਤਾ। ਇਸ ਦੌਰਨ ਗੁਰਦੇਵ ਨੂੰ ਦੋ ਗੋਲੀਆਂ ਵੱਜੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਨੇ ਰਾਸਤੇ 'ਚ ਹੀ ਦਮ ਤੋੜ ਦਿੱਤਾ। ਮ੍ਰਿਤਕ ਗੁਰਦੇਵ ਸਿੰਘ ਦੇ ਪਰਿਵਾਰ ਮੁਤਾਬਕ ਲਾਸ਼ ਨੂੰ ਪਿੰਡ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਸ਼ੁੱਕਰਵਾਰ ਤੱਕ ਮਨੀਲਾ ਤੋਂ ਪਿੰਡ ਬੌਡੇ ਲਿਆਂਦੀ ਜਾਣ ਦੀ ਉਮੀਦ ਹੈ। ਉਸ ਤੋਂ ਬਾਅਦ ਪਿੰਡ 'ਚ ਹੀ ਗੁਰਦੇਵ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।