ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਨੇ ਅੱਜ ਲਈ ਸੀ ਖੰਡੇ ਦੀ ਪਾਹੁਲ
ਏਬੀਪੀ ਸਾਂਝਾ | 03 Sep 2016 07:48 AM (IST)
ਚੰਡੀਗੜ੍ਹ: ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਸਿੱਖ ਇਤਿਹਾਸ 'ਚ ਧਰੂ ਧਾਰੇ ਵਾਂਗ ਚਮਕਦਾ ਹੈ। ਦਸਮੇਸ਼ ਪਿਤਾ ਵੱਲੋਂ ਆਪਣੇ ਤੋਂ ਬਾਅਦ ਪੰਜਾਬ ਸਮੇਤ ਭਾਰਤ ਨੂੰ ਮੁਗਲੀਆ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਬੰਦਾ ਸਿੰਘ ਦੀ ਚੋਣ ਕਰਨਾ ਬਿਨਾਂ ਸ਼ੱਕ ਇਤਿਹਾਸਕ ਤੇ ਕਾਮਯਾਬ ਹੋ ਨਿਬੜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਂਦੇੜ ਦੀ ਧਰਤੀ 'ਤੇ ਮਾਧੋ ਦਾਸ ਨੂੰ ਬੰਦਾ ਸਿੰਘ ਦਾ ਸਰੂਪ ਬਖਸ਼ ਕੇ ਪੰਜਾਬ ਵੱਲ ਤੋਰਿਆ ਸੀ। ਨਾਂਦੇੜ ਦੀ ਧਰਤੀ 'ਤੇ ਜਦ ਗੁਰੂ ਪਾਤਸ਼ਾਹ ਨੇ ਮਾਧੋ ਦਾਸ ਨੂੰ ਖੰਡੇ ਦਾ ਪਾਹੁਲ ਭਾਵ ਅੰਮ੍ਰਿਤ ਛਕਾਇਆ ਤਾਂ ਮਾਧੋ ਦਾਸ ਰੂਹਾਨੀਅਤ ਤੇ ਜੁਝਾਰੂਪਨ ਨਾਲ ਲਬਰੇਜ਼ ਬੰਦਾ ਸਿੰਘ ਬਣ ਗਿਆ ਸੀ। ਇਹ ਸੁਭਾਗਾ ਦਿਨ ਅੱਜ ਦਾ ਹੀ ਸੀ ਜਦੋਂ 3 ਸਤੰਬਰ 1708 ਨੂੰ ਨਾਂਦੇੜ ਦੀ ਧਰਤੀ 'ਤੇ ਪਾਤਸ਼ਾਹ ਪ੍ਰੀਤਮ ਨੇ ਬੰਦਾ ਸਿੰਘ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ। ਬੰਦਾ ਸਿੰਘ ਨੇ ਪੰਜਾਬ ਦੀ ਧਰਤੀ 'ਤੇ ਆਉਣ ਤੋਂ ਬਾਅਦ ਇੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਾਂ ਨੂੰ ਜਥੇਬੰਦ ਕੀਤਾ। ਉੱਤਰੀ ਭਾਰਤ ਤੋਂ ਮੁਗਲਾਂ ਖਿਲਾਫ ਜੇਤੂ ਮਹਿੰਮਾਂ ਦੀ ਸਫਲ ਸ਼ੁਰੂਆਤ ਕੀਤੀ। ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ ਤੁਰੇ ਬੰਦਾ ਸਿੰਘ ਨੇ ਜਿਸ ਤਰੀਕੇ ਨਾਲ ਮੁਗਲੀਆ ਰਾਜ ਨੂੰ ਭਾਜੜਾਂ ਪਾਈਆਂ, ਉਹ ਦੁਨੀਆ ਦੇ ਇਤਿਹਾਸ 'ਚ ਇੱਕ ਸੁਲਝੇ ਹੋਏ ਸੈਨਾਪਤੀ ਦੀਆਂ ਨੀਤੀਆਂ ਦੀ ਮਿਸਾਲ ਪੇਸ਼ ਕਰਦਾ ਹੈ। ਸਰਹੰਦ ਦੀ ਜਿੱਤ ਬੰਦਾ ਸਿੰਘ ਸਮੇਤ ਸਮੂਹ ਸਿੱਖਾਂ ਦੀ ਸਭ ਤੋਂ ਵੱਡੀ ਮੁਹਿੰਮ ਸੀ। ਜਿਸ ਨੂੰ ਬੰਦਾ ਸਿੰਘ ਨੇ ਸਿੱਖ ਸੈਨਾ ਨਾਲ ਮਿਲਕੇ ਸਰ ਕੀਤਾ। ਬਾਬਾ ਬੰਦਾ ਸਿੰਘ ਨੇ ਕੁੱਝ ਮਹੀਨਿਆ 'ਚ ਹੀ ਪੰਜਾਬ ਦੀ ਰਾਜਨੀਤਿਕ ਤੇ ਆਰਥਿਕ ਦਸ਼ਾ ਬਦਲ ਕੇ ਰੱਖ ਦਿੱਤੀ ਸੀ। ਇੱਕ ਅਜਿਹਾ ਸਿੱਖ ਰਾਜ ਸਥਾਪਿਤ ਕੀਤਾ ਜਿੱਥੇ ਸਭ ਨੂੰ ਧਾਰਮਿਕ ਆਜ਼ਾਦੀ ਸੀ। ਜਿੱਥੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਗਏ। ਹਰ ਕਿਸੇ ਨੂੰ ਬਿਨਾਂ ਮੁਗਲਾਂ ਦੇ ਡਰ ਤੋਂ ਜਿਊਣ ਦਾ ਅਧਿਕਾਰ ਸੀ। ਬਾਬਾ ਬੰਦਾ ਸਿੰਘ ਸੁਭਾਅ ਤੋਂ ਇੱਕ ਬਹੁਤ ਨਿਮਰ, ਸ਼ਾਂਤ, ਘੱਟ ਬੋਲਣ ਵਾਲੇ ਤੇ ਦਿਆਲੂ ਸ਼ਖਸੀਅਤ ਦੇ ਮਾਲਕ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਬੰਦਾ ਸਿੰਘ ਦਾ ਅਨੋਖਾ ਪ੍ਰੇਮ ਸੀ। ਆਪਣੇ ਪ੍ਰੀਤਮ ਬਾਰੇ ਉਹ ਗੱਲ ਕਰਨ ਲੱਗਦੇ ਤਾਂ ਜ਼ੁਬਾਨ ਬੰਦ ਹੋ ਜਾਂਦੀ ਸੀ, ਅੱਖਾਂ ਮੂੰਦ ਜਾਂਦੀਆਂ ਸਨ ਤੇ ਪਿਆਰੇ ਦੀ ਯਾਦ 'ਚ ਨੈਣ ਭਰ ਵੀ ਆਉਂਦੇ ਸਨ। ਸਿੱਖ ਸਲਤਨਤ ਦੇ ਪਹਿਲੇ ਬਾਦਸ਼ਾਹ ਨੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ ਨੂੰ ਬਣਾਇਆ ਸੀ। ਲੋਹਗੜ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ 'ਚ ਹੈ। ਅੰਤ ਸਮੇਂ ਬੰਦਾ ਸਿੰਘ ਨੇ ਸਿੱਖੀ ਲਈ ਆਪਣੇ ਆਪ ਤੇ ਆਪਣੇ ਬਾਲ ਪੁੱਤਰ ਦੀ ਲਾਸਾਨੀ ਕੁਰਬਾਨੀ ਦੇ ਕੇ ਇਤਿਹਾਸ 'ਚ ਸਦਾ ਸਦਾ ਲਈ ਆਪਣਾ ਨਾਂ ਲਿਖਵਾ ਦਿੱਤਾ। ਬਾਬਾ ਬੰਦਾ ਸਿੰਘ ਦੀ ਸ਼ਖਸੀਅਤ ਜੁਗਾਂ ਜੁਗਾਂਤਰਾਂ ਤੱਕ ਮਹਾਨ ਸੈਨਾਪਤੀਆਂ ਤੇ ਸੱਚੇ ਸਿੱਖਾਂ ਲਈ ਰਾਹ ਦਸੇਰਾ ਬਣੇਗੀ।