ਸੰਗਰੂਰ: ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 31ਵੀਂ ਬਰਸੀ ਅੱਜ ਹੈ। ਇਸ ਮੌਕੇ ਅੱਜ ਸੰਗਰੂਰ ਜ਼ਿਲੇ ਦੇ ਪਿੰਡ ਲੋਂਗੋਵਾਲ 'ਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਹੋਰ ਲੀਡਰ ਸੰਤ ਲੋਂਗੋਵਾਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਅੱਜ ਤੋਂ 31 ਸਾਲ ਪਹਿਲਾਂ 20 ਅਗਸਤ 1985 ਨੂੰ ਐਮਰਜੈਂਸੀ ਮੋਰਚੇ ਦੀ ਅਗਵਾਈ ਸੰਤ ਲੌਂਗੋਵਾਲ ਨੇ ਸੰਭਾਲੀ ਸੀ।
ਸੰਤ ਲੋਂਗੋਵਾਲ ਦਾ ਜਨਮ ਭਾਵੇਂ ਪਿੰਡ ਗਿਦੜਿਆਣੀ 'ਚ ਹੋਇਆ ਪਰ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਨਾਂ ਲੋਂਗੋਵਾਲ 'ਚ ਬਤੀਤ ਕੀਤਾ। ਇਸੇ ਕਾਰਨ ਹੀ ਉਨ੍ਹਾਂ ਦੇ ਨਾਮ ਨਾਲ ਲੌਂਗੋਵਾਲ ਜੁੜ ਗਿਆ। ਹਰਚੰਦ ਸਿੰਘ ਲੋਂਗੋਵਾਲ ਰਸਭਿੰਨਾ ਕੀਰਤਨ ਕਰਦੇ ਸਨ ਤੇ ਹੌਲੀ ਹੌਲੀ ਅਕਾਲੀ ਦਲ 'ਚ ਸਰਗਰਮ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਇਸ ਕਦਰ ਅਕਾਲੀ ਦਲ ਦੀ ਸਿਆਸਤ 'ਚ ਸਰਗਰਮੀ ਦਿਖਾਈ ਕਿ 1981 'ਚ ਉਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ। ਐਮਰਜੈਂਸੀ ਮੋਰਚੇ ਦੌਰਾਨ 19 ਮਹੀਨੇ ਸੰਤ ਹਰਚੰਦ ਸਿੰਘ ਦੀ ਅਗਵਾਈ 'ਚ ਮੋਰਚਾ ਸਫਲ ਹੋਇਆ ਤੇ ਮੋਰਚਾ ਖਤਮ ਹੋਣ ਤੋਂ ਬਾਅਦ ਹਰਚੰਦ ਸਿੰਘ ਲੋਂਗੋਵਾਲ ਨੇ ਖੁਦ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਅਕਾਲੀ ਦਲ ਦੀ ਕਮਾਨ ਮੋਹਨ ਸਿੰਘ ਤੁੜ ਨੂੰ ਸੌਂਪ ਦਿੱਤੀ ਸੀ। ਅਜਿਹਾ ਅਕਾਲੀ ਦਲ ਦੇ ਇਤਿਹਾਸ 'ਚ ਪਹਿਲੀ ਵਾਰ ਤੇ ਸਿਰਫ ਇੱਕੋ ਵਾਰ ਹੀ ਹੋਇਆ ਹੈ।
1982 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ SYL ਦਾ ਨੀਂਹ ਪੱਥਰ ਰੱਖੇ ਜਾਣ ਦੇ ਰੋਸ 'ਚ ਅਕਾਲੀ ਦਲ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ 'ਚ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ। ਜਿਸ ਦੌਰਾਨ 80 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸਨ। ਲੋਂਗੋਵਾਲ ਭਾਵੇਂ ਬਹੁਤੇ ਪੜੇ ਲਿਖੇ ਨਹੀਂ ਸਨ, ਪਰ ਉਹ ਦਿੱਲੀ ਯੂਨੀਵਰਸਿਟੀ 'ਚ ਸੰਬੋਧਨ ਦੌਰਾਨ ਅਕਸਰ ਹੀ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੂੰ ਕਾਇਲ ਕਰ ਦਿੰਦੇ ਸਨ। ਮਿੱਠਾ ਬੋਲਣਾ ਉਨਾਂ ਦੇ ਸੁਭਾਅ ਦਾ ਖਾਸ ਗੁਣ ਸੀ। ਹਰਚੰਦ ਸਿੰਘ ਲੋਂਗੋਵਾਲ ਦੇ ਅਕਾਲ ਚਲਾਣੇ ਤੇ ਬੰਦ ਦੇ ਬਾਵਜੂਦ ਮਿਸਾਲੀ ਇਕੱਠ ਹੋਇਆ ਸੀ। ਉਹ ਅਕਸਰ ਕਹਿੰਦੇ ਸਨ 'ਲੀਡਰ, ਲੀਡਰਸ਼ਿਪ ਦੇ ਸਿਖਰ 'ਤੇ ਜਾਣਾ ਚਾਹੀਦਾ ਹੈ'