ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਧਰਨੇ 'ਤੇ ਬੈਠੇ ਹਨ। ਅੱਜ ਸਵੇਰ ਤੋਂ ਹੀ ਹਾਈਕੋਰਟ ਦਾ ਕੰਮਕਾਜ ਠੱਪ ਪਿਆ ਹੈ। ਵਕੀਲਾਂ ਦਾ ਇਹ ਪ੍ਰਦਰਸ਼ਨ ਆਪਣੇ ਇੱਕ ਸਾਥੀ ਸੀਨੀਅਰ ਵਕੀਲ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ 'ਚ ਚੱਲ ਰਿਹਾ ਹੈ। ਮੰਗ ਹੈ ਕਿ ਗ੍ਰਿਫਤਾਰ ਕੀਤੇ ਵਕੀਲ ਨੂੰ ਤੁਰੰਤ ਰਿਹਾ ਕੀਤਾ ਜਾਵੇ। ਦਰਅਸਲ ਚੰਡੀਗੜ੍ਹ ਪੁਲਿਸ ਨੇ ਹਾਈਕੋਰਟ ਦੇ ਇੱਕ ਸੀਨੀਅਰ ਵਕੀਲ ਨੂੰ ਸਾਜਿਸ਼ ਤਹਿਤ ਇੱਕ ਬੇਕਸੂਰ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਫਸਾਉਣ ਦੇ ਜ਼ੁਰਮ ਤਹਿਤ ਗ੍ਰਿਫਤਾਰ ਕੀਤਾ ਹੈ।     ਵਕੀਲ ਰੋਜਾਨਾ ਵਾਂਗ ਹਾਈਕੋਰਟ ਤਾਂ ਪਹੁੰਚੇ ਪਰ ਕੋਈ ਵੀ ਅਦਾਲਤੀ ਕਾਰਵਾਈ 'ਚ ਸ਼ਾਮਲ ਨਹੀਂ ਹੋਇਆ। ਅੱਜ ਸਵੇਰ ਤੋਂ ਹੀ ਵਕੀਲ ਧਰਨੇ 'ਤੇ ਬੈਠੇ ਹਨ। ਮੰਗ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਾਈਕੋਰਟ ਦੇ ਸੀਨੀਅਰ ਵਕੀਲ ਜਤਿਨ ਸਲਵਾਨ ਨੂੰ ਰਿਹਾਅ ਕੀਤਾ ਜਾਵੇ। ਦਾਅਵਾ ਹੈ ਕਿ ਪੁਲਿਸ ਨੇ ਉਸ ਨੂੰ ਝੂਠੇ ਕੇਸ 'ਚ ਫਸਾਇਆ ਹੈ। ਸਲਵਾਨ ਨੂੰ ਇੱਕ ਸਾਬਕਾ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਦੇ ਕਾਰੋਬਾਰੀ ਨਾਲ ਮਿਲਕੇ ਇੱਕ ਬੇਕਸੂਰ ਵਿਅਕਤੀ ਭਗਵਾਨ ਸਿੰਘ ਨੂੰ ਨਸ਼ਾ ਤਸਕਰੀ ਤੇ ਫੇਕ ਕਰੰਸੀ ਦੇ ਝੂਠੇ ਮਾਮਲੇ 'ਚ ਫਸਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।   ਪ੍ਰਦਰਸ਼ਨਕਾਰੀ ਵਕੀਲ ਇਸ ਮਾਮਲੇ 'ਤੇ ਚੰਡੀਗੜ੍ਹ ਦੇ ਐਸਐਸਪੀ ਨਾਲ ਮੁਲਾਕਾਤ ਵੀ ਕਰਨਗੇ। ਉਨ੍ਹਾਂ ਧਰਨੇ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਚੰਡੀਗੜ੍ਹ ਪੁਲਿਸ ਨੇ ਜਤਿਨ ਸਲਵਾਨ ਨੂੰ ਰਿਹਾਅ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਆਉਣ ਵਾਲੇ ਦਿਨਾਂ 'ਚ ਹਾਈਕੋਰਟ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ 'ਚ ਵੀ ਕੰਮ-ਕਾਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲਾਂਕਿ ਇਹ ਧਰਨਾ ਬਾਹਰ ਗਰਮੀ 'ਚ ਦੇਣ ਦੀ ਬਜਾਏ ਅੰਦਰ ਏਸੀ ਹਾਲ 'ਚ ਹੀ ਦਿੱਤਾ ਗਿਆ। ਸ਼ਾਇਦ ਵਕੀਲ ਬਾਹਰ ਧਰਨਾ ਦੇ ਕੇ ਗਰਮੀ 'ਚ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਸਨ। ਪਰ ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਕੀ ਜੋ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਪਣੇ ਕੇਸਾਂ ਦੇ ਸਿਲਸਿਲੇ 'ਚ ਹਾਈਕੋਰਟ ਪਹੁੰਚੇ ਸਨ।