ਮੁਕੇਰੀਆਂ: ਨੇੜਲੇ ਕਸਬੇ ਉੱਚੀ ਬੱਸੀ ਵਿੱਚ ਫੌਜ ਦੇ ਅਸਲਾ ਕੇਂਦਰ ਵਿੱਚ ਧਮਾਕਾ ਹੋਣ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਤੇ ਨੌਂ ਜ਼ਖ਼ਮੀ ਹੋ ਗਏ। ਧਮਾਕਾ ਉਸ ਵੇਲੇ ਹੋਇਆ ਜਦੋਂ ਅਸਲਾ ਕੇਂਦਰ ਵਿੱਚ ਜਬਲਪੁਰ ਤੋਂ ਆਈ ਵਿਸ਼ੇਸ਼ ਜਾਂਚ ਟੀਮ ਪਤੜਾਲ ਕਰ ਰਹੀ ਸੀ।   ਹਾਸਲ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਪ੍ਰਬੰਧ ਅਧੀਨ ਚੱਲਦੀ ਆਰਡੀਨੈਂਸ ਫੈਕਟਰੀ ਖਮੌਰੀਆ (ਜਬਲਪੁਰ) ਤੋਂ ਕੰਪਨੀ ਅਧਿਕਾਰੀ ਐਸਕੇ ਸ਼ਰਮਾ ਤੇ ਪ੍ਰਸ਼ੋਤਮ ਲਾਲ ਦੀ ਅਗਵਾਈ ਵਿੱਚ 6 ਮੈਂਬਰੀ ਟੀਮ ਉੱਚੀ ਬੱਸੀ ਦੇ ਅਸਲਾ ਕੇਂਦਰ ਵਿੱਚ ਜਮ੍ਹਾਂ ਅਸਲੇ ਦੀ ਜਾਂਚ ਲਈ ਆਈ ਹੋਈ ਸੀ। ਇਸੇ ਦੌਰਾਨ ਜਦੋਂ ਟੀਮ ਵੱਲੋਂ ਨੁਕਸਾਨਿਆ ਤੇ ਬਿਹਤਰ ਅਸਲਾ ਵੱਖ-ਵੱਖ ਕੀਤਾ ਜਾ ਰਿਹਾ ਸੀ ਤਾਂ ਬੰਬਨੁਮਾ ਚੀਜ਼ ਤੋਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਹੋਣ ਕਾਰਨ ਇੱਕ ਜੇਸੀਓ ਸਮੇਤ ਕਰੀਬ 9 ਜਣੇ ਜ਼ਖ਼ਮੀ ਹੋ ਗਏ। ਜਦੋਂਕਿ ਜਾਂਚ ਟੀਮ ਦੇ ਚਾਰਜਮੈਨ ਅਜੈ ਕੁਮਾਰ ਪਾਂਡੇ ਦੀ ਮੌਤ ਹੋ ਗਈ। ਧਮਾਕਾ ਹੋਣ ’ਤੇ ਫੌਜ ਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਸਿਵਲ ਤੇ ਮਿਲਟਰੀ ਹਸਪਤਾਲਾਂ ਵਿੱਚ ਪਹੁੰਇਆ ਗਿਆ।