ਲੁਧਿਆਣਾ: ਸਥਾਨਕ ਐਸਟੀਐਫ ਨੇ ਇੱਕ ਜੋੜੇ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 10 ਕਿੱਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐਸਟੀਐਫ ਯੂਨਿਟ ਨੇ ਇਨ੍ਹਾਂ ਨੂੰ 26 ਨਵੰਬਰ ਵਾਲੇ ਦਿਨ ਸ਼ੇਰਪੁਰ ਚੌਕ ਤੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤਾ। ਦੋਵੇਂ ਜਣੇ ਸਵਿਫਟ ਕਾਰ ’ਚ ਹੈਰੋਇਨ ਲੁਕਾ ਕੇ ਲੁਧਿਆਣਾ ਲਿਆ ਰਹੇ ਸੀ। ਮੁਲਜ਼ਮ ਜੰਮੂ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਜਲਾਲਾਬਾਦ ਦੇ ਮੁਹੰਮਦ ਅਰਬੀ ਤੇ ਉਸ ਦੀ ਪਤਨੀ ਜਮੀਲਾ ਬੇਗਮ ਵਜੋਂ ਹੋਈ ਹੈ। ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਏਆਈਜੀ ਐਸਟੀਐਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਖਰੋਟਾਂ ਵਾਲੇ ਬੈਗ ਵਿੱਚ ਹੈਰੋਇਨ ਲੁਕਾਈ ਹੋਈ ਸੀ। ਇਨ੍ਹਾਂ ਦੀ ਸਵਿਫਟ ਕਾਰ ਦੇ ਸ਼ੀਸ਼ੇ ਅੱਗੇ ਵੀਆਈਪੀ ਪਾਰਕਿੰਗ ਲਿਖਿਆ ਹੋਇਆ ਸੀ। ਸਰਹੱਦੋਂ ਪਾਰ ਹੈਰੋਇਨ ਲਿਆ ਕੇ ਇਨ੍ਹਾਂ ਨੇ ਲੁਧਿਆਣਾ ਵਿੱਚ ਸਪਲਾਈ ਕਰਨਾ ਸੀ।

ਦੱਸਿਆ ਜਾਂਦਾ ਹੈ ਕਿ ਅਰਬੀ ’ਤੇ ਪਹਿਲਾਂ ਹੀ ਜੰਮੂ ਕਸ਼ਮੀਰ ਵਿੱਚ NDPS ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ। ਇਹ ਦੋਵੇਂ ਜਣੇ ਪਹਿਲਾਂ ਵੀ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਕਰ ਚੁੱਕੇ ਹਨ। ਮੁਲਜ਼ਮ ਅਰਬੀ ਆਪਣੀ ਪਤਨੀ ਨੂੰ ਨਸ਼ਿਆਂ ਦੀ ਤਸਕਰੀ ਲਈ ਇਸਤੇਮਾਲ ਕਰਦਾ ਸੀ। ਫਿਲਹਾਲ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।