ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਨਾ ਜਾਣ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਵੀ ਕੈਪਟਨ ਨੇ ਬੀਜੇਪੀ ਦੀ ਰਾਜਨੀਤੀ ਕੀਤੀ ਹੈ। ਚੀਮਾ ਦਾ ਕਹਿਣਾ ਹੈ ਕਿ 2002 ਤੋਂ 2007 ਤੱਕ ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਵੀ ਪਾਕਿਸਤਾਨ ਜਾਂਦੇ ਰਹੇ ਹਨ। ਉਸ ਵੇਲੇ ਵੀ ਹਾਲਾਤ ਠੀਕ ਨਹੀਂ ਸਨ।
ਉਨ੍ਹਾਂ ਨੇ ਕਿਹਾ ਕਿ ਕਰਤਾਪੁਰ ਕੌਰੀਡੋਰ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ 70 ਸਾਲਾਂ ਬਾਅਦ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਰਾਜਨੀਤਕ ਰੋਟੀਆਂ ਸੇਕੀਆਂ ਹਨ। ਇਸ ਲਈ ਕੈਪਟਨ ਨੂੰ ਆਪਣੇ ਲੀਡਰਾਂ ਦੇ ਰਵੱਈਏ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਜਾਣਾ ਚਾਹੀਦਾ ਸੀ ਕਿਉਂਕਿ ਪਾਕਿਸਤਾਨ ਨਾਲ ਕੈਪਟਨ ਦੇ ਸਬੰਧਾਂ ਨੂੰ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਨੇ ਬੀਜੇਪੀ ਦੀ ਰਾਜਨੀਤੀ ਕੀਤੀ ਹੈ। ਇਸ ਲਈ ਹੀ ਪਾਕਿਸਤਾਨ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਿੱਧੂ ਦਾ ਕੱਦ ਕੈਪਟਨ ਤੋਂ ਵੱਡਾ ਹੋ ਰਿਹਾ ਹੈ।
ਉਧਰ, ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਪਾਕਿਸਤਾਨੀ ਮਹਿਲਾ ਮਿੱਤਰ ਨੂੰ ਆਪਣੇ ਘਰ ਰੱਖ ਰਹੇ ਹਨ। ਦੂਸਰੇ ਪਾਸੇ ਕਰਤਾਰਪੁਰ ਲਾਂਘੇ ਜਿਸ ਦੀ ਮਰਿਆਦਾ ਸਾਰੇ ਸਿੱਖ ਜਗਤ ਨਾਲ ਜੁੜੀ ਹੈ, ਉੱਥੇ ਜਾਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋਗਲੇਪਣ 'ਤੇ ਉੱਤਰ ਆਏ ਹਨ।