ਇਮਰਾਨ ਖ਼ਾਨ

ਜਲੰਧਰ: ਪਿਛਲੇ ਦਿਨੀਂ ਸਾਊਦੀ ਅਰਬ ਵਿੱਚ ਤਕਰੀਬਨ 4,000 ਭਾਰਤੀਆਂ ਦੇ ਫਸੇ ਹੋਣ ਦੀ ਖ਼ਬਰ ਆਈ ਸੀ ਜਿਸ ਵਿੱਚ ਉਨ੍ਹਾਂ ਮੰਦੇ ਹਾਲਾਤ ਦਾ ਦਰਦ ਬਿਆਨ ਕੀਤਾ ਸੀ, ਜਿਨ੍ਹਾਂ ਵਿੱਚ ਤਕਰੀਬਨ 1,000 ਪੰਜਾਬੀ ਵੀ ਹਨ। ਹੁਣ ਉਨ੍ਹਾਂ ਹੀ ਪੰਜਾਬੀਆਂ ਦੀ ਮੰਦੀ ਹਾਲਤ ਤੇ ਵਿਗੜਦੀ ਸਿਹਤ ਬਾਰੇ ਚਿੰਤਾਜਨਕ ਖ਼ਬਰ ਆਈ ਹੈ। ਕਈ ਪੰਜਾਬੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ ਹੈ।

ਦਰਅਸਲ, ਉੱਥੋਂ ਦੀ J&P ਕੰਪਨੀ ਵਿੱਚ ਕੰਮ ਕਰਨ ਵਾਲੇ ਪੰਜਾਬੀ ਬੰਦੀ ਮਜ਼ਦੂਰ ਬਣ ਗਏ ਹਨ। ਇਨ੍ਹਾਂ ਆਪਣੇ ਪਰਿਵਾਰਾਂ ਨੂੰ ਵੀਡੀਓ ਭੇਜ ਕੇ ਆਪਣੀ ਹੱਡ ਬੀਤੀ ਬਿਆਨ ਕੀਤੀ ਸੀ। ਵੀਡੀਓ ਰਾਹੀਂ ਉਨ੍ਹਾਂ ਦੱਸਿਆ ਕਿ ਨਾ ਤਾਂ ਕੰਪਨੀ ਉਨ੍ਹਾਂ ਨੂੰ ਤਨਖ਼ਾਹਾਂ ਦੇ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਖਾਣੇ ਤੇ ਮੈਡੀਕਲ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਸ ਕਰਕੇ ਬਹੁਤ ਸਾਰੇ ਮੁਲਾਜ਼ਮ ਬਿਮਾਰ ਪਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਪੰਜਾਬੀ ਨਿਰਮਲ ਸਿੰਘ ਦੇ ਪਰਿਵਾਰ ਨਾਲ 'ਏਬੀਪੀ ਸਾਂਝਾ' ਨੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ 4000 ਭਾਰਤੀ, ਦਰਦਨਾਕ ਹਾਲਤ, ਵੀਡੀਓ ਭੇਜ ਕੀਤਾ ਖੁਲਾਸਾ

ਫਗਵਾੜਾ ਦੇ ਪਿੰਡ ਉੱਚਾ ਦਾ ਨਿਰਮਲ ਕੁਮਾਰ ਸਊਦੀ ਵਿੱਚ ਗਿਆ ਤਾਂ ਪੈਸੇ ਕਮਾਉਣ ਸੀ, ਪਰ ਉੱਥੇ ਜਾ ਕੇ ਉਹ ਗੁਰਦੇ ਦੇ ਰੋਗ ਦਾ ਸ਼ਿਕਾਰ ਹੋ ਗਿਆ। ਨਿਰਮਲ ਇੰਨਾ ਬਿਮਾਰ ਹੋ ਗਿਆ ਹੈ ਕਿ ਕੰਮ ਵੀ ਨਹੀਂ ਕਰ ਸਕਦਾ। ਹੁਣ ਉਸ ਦਾ ਪਰਿਵਾਰ ਉਸ ਨੂੰ ਕਰਜ਼ਾ ਚੁੱਕ ਕੇ ਪੈਸੇ ਭੇਜ ਰਿਹਾ ਹੈ।

ਨਿਰਮਲ ਦੀ ਪਤਨੀ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੰਪਨੀ ਬੰਦ ਹੋਣ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਤੇ ਵੀਜ਼ੇ ਖ਼ਤਮ ਹੋਣ ਕਾਰਨ ਉਹ ਘਰ ਵੀ ਵਾਪਸ ਨਹੀਂ ਆ ਸਕਦੇ। ਉਸ ਨੇ ਦੱਸਿਆ ਕਿ ਸਾਊਦੀ ਸਥਿਤ ਭਾਰਤੀ ਅੰਬੈਸੀ ਤੋਂ ਉਨ੍ਹਾਂ ਲੋਕਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਜੋਗਿੰਦਰ ਕੌਰ ਨੇ ਦੱਸਿਆ ਕਿ ਨਿਰਮਲ ਪਿਛਲੇ 27 ਸਾਲਾਂ ਤੋਂ ਸਾਊਦੀ ਅਰਬ ਵਿੱਚ ਮਜ਼ਦੂਰੀ ਕਰ ਰਿਹਾ ਹੈ।

ਹੁਣ ਬੁਰੇ ਸਮੇਂ ਵਿੱਚ ਉਸ ਨਾਲ ਕੋਈ ਵੀ ਨਹੀਂ ਹੈ ਤੇ ਪਰਿਵਾਰ ਵੀ ਲਾਚਾਰ ਹੈ। ਨਿਰਮਲ ਦੀ ਪਤਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਤਰ੍ਹਾਂ ਉਸ ਦੇ ਪਤੀ ਨੂੰ ਵਾਪਸ ਮੰਗਵਾ ਦੇਵੇ। ਉਸ ਦੇ ਭਰਾ ਮਲੂਕ ਚੰਤ ਤੇ ਮਲਕੀਤ ਸਿੰਘ ਨੇ ਦੱਸਿਆ ਕਿ ਉੱਥੇ ਮੌਜੂਦ ਪੰਜਾਬੀਆਂ ਕੋਲ ਇਲਾਜ ਕਰਵਾਉਣ ਵਾਸਤੇ ਵੀ ਪੈਸੇ ਨਹੀਂ ਬਚੇ ਹਨ।

ਇਨ੍ਹਾਂ ਹਜ਼ਾਰਾਂ ਪੰਜਾਬੀਆਂ ਵਿੱਚੋਂ 500 ਵਿਅਕਤੀ ਸਿਰਫ ਜਲੰਧਰ ਤੇ ਹੁਸ਼ਿਆਰਪੁਰ ਦੇ ਹੀ ਹਨ। ਕੰਪਨੀ ਬੰਦ ਹੋਣ ਕਰਕੇ ਇਨ੍ਹਾਂ ਨੂੰ ਛੇ ਮਹੀਨੇ ਤੋਂ ਨਾ ਤਾਂ ਤਨਖ਼ਾਹ ਮਿਲ ਰਹੀ ਤੇ ਨਾ ਹੀ ਵਾਪਸ ਆਉਣ ਲਈ ਪਾਸਪੋਰਟ ਮਿਲ ਰਿਹਾ ਹੈ। ਪੰਜਾਬੀਆਂ ਨੇ ਸਊਦੀ ਤੋਂ ਵੀਡੀਓ ਭੇਜ ਕੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਦੀ ਅਪੀਲ ਕੀਤੀ ਹੈ।