ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ ਨੂੰ 206 ਪੌਜ਼ੇਟਿਵ ਮਰੀਜ਼ਾਂ ਵਿੱਚੋਂ 11 ਪੀਸੀਐਸ ਅਫਸਰ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਇਹ ਉਹੀ ਅਫਸਰ ਹਨ ਜਿਨ੍ਹਾਂ ਨੇ 3 ਜੁਲਾਈ ਨੂੰ ਫਰੀਦਕੋਟ ਦੇ ਆਰਟੀਏ ਤਰਸੇਮ ਚੰਦ ਖਿਲਾਫ ਵਿਜੀਲੈਂਸ 'ਚ ਕੇਸ ਦਰਜ ਹੋਣ ਖਿਲਾਫ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਮੀਟਿੰਗ ਕੀਤੀ ਸੀ।

ਇਸ ਬੈਠਕ 'ਚ 40 ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਪੌਜ਼ੇਟਿਵ ਆਏ ਅਫਸਰਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦਰਅਸਲ, ਮੀਟਿੰਗ 'ਚ ਸ਼ਾਮਲ ਤਿੰਨ ਅਫਸਰ ਜਦੋਂ ਪੌਜ਼ੇਟਿਵ ਪਾਏ ਗਏ ਤਾਂ ਸਾਰਿਆਂ ਨੇ ਆਪਣੇ ਆਪਣੇ ਕੋਵਿਡ ਟੈਸਟ ਕਰਵਾਏ। ਪ੍ਰਸ਼ਾਸਨਿਕ ਖੇਤਰ ਵਿੱਚ ਇੱਕੋ ਸਮੇਂ ਇੰਨੇ ਸਾਰੇ ਅਧਿਕਾਰੀਆਂ ਦਾ ਟੈਸਟ ਪੌਜ਼ੇਟਿਵ ਹੋਣਾ ਸ਼ਾਇਦ ਦੇਸ਼ ਦਾ ਪਹਿਲਾ ਕੇਸ ਹੋਵੇਗਾ।

ਜ਼ਿਕਰਯੋਗ ਗੱਲ ਇਹ ਹੈ ਕਿ ਸਰਕਾਰ ਵਲੋਂ ਜਾਰੀ ਨਿਯਮਾਂ ਅਨੁਸਾਰ ਵੱਡੇ ਇਕੱਠ, ਵਿਆਹ ਸ਼ਾਦੀ ਦੇ ਸਮਾਗਮ ਤੇ ਹੋਰ ਵੱਡੇ ਇਕੱਠ ਕਰਨ ਦੀ ਮਨਾਹੀ ਹੈ। ਉੱਥੇ ਹੀ ਪੌਜ਼ੇਟਿਵ ਆਏ ਅਧਿਕਾਰੀਆਂ ਵਿੱਚੋਂ ਬਹੁਤੇ ਐਸੇ ਹਨ ਜਿਨ੍ਹਾਂ ਦੇ ਆਪਣੇ ਉਪ ਮੰਡਲ ਵਿੱਚ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਸ਼ਾਮਲ ਹੈ ਜੋ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ।

ਇਸ ਦੇ ਨਾਲ ਹੀ ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੋਂ ਇਲਾਵਾ, ਜਲੰਧਰ ਵਿੱਚ ਤਾਇਨਾਤ ਜੁਡੀਸ਼ੀਅਲ ਮੈਜਿਸਟਰੇਟ ਤੇ ਹਰਿਆਣਾ ਦੀ ਨੂੰਹ ਮੇਵਾਤ ਦੀ ਅਦਾਲਤ ਦੇ 11 ਅਧਿਕਾਰੀਆਂ ਦੀ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।