ਬਠਿੰਡਾ: ਜ਼ਿਲ੍ਹੇ ਦੇ ਕਸਬੇ ਭਗਤਾ ਭਾਈ ਕਾ 'ਚ ਪਸ਼ੂਆਂ ਲਈ ਬਣਾਏ ਵਾੜੇ ਦਾ ਲੈਂਟਰ ਡਿੱਗ ਜਾਣ ਨਾਲ 12 ਮੱਝਾਂ ਦੀ ਮੌਤ ਹੋ ਗਈ ਹੈ, ਜਦਕਿ 10 ਪਸ਼ੂ ਜ਼ਖਮੀ ਹੋ ਗਏ ਹਨ। ਡਾਕਟਰਾਂ ਦੀ ਟੀਮ ਵੱਲੋਂ ਪਸ਼ੂਆਂ ਦਾ ਇਲਾਜ ਕਰ ਰਹੀ ਹੈ। ਹਾਦਸਾ ਬੀਤੀ ਦੇਰ ਰਾਤ ਵਾਪਰਿਆ ਸੀ। ਸਾਬਕਾ ਫ਼ੌਜੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਮੱਝਾਂ ਦਾ ਕਾਰੋਬਾਰ ਸੀ। ਇਸ ਘਟਨਾ ਨਾਲ ਉਸ ਦਾ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਕੋਲ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਮਦਦ ਦੀ ਅਪੀਲ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਜ਼ਿਲਾ ਬਠਿੰਡਾ ਦੇ ਡਾਇਰੈਕਟਰ ਅਮਰੀਕ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।