ਮੰਡੀ ਗੋਬਿੰਦਗੜ੍ਹ: ਜ਼ਿਲ੍ਹਾ ਪੁਲਿਸ ਨੇ 15 ਕਿੱਲੋ ਅਫੀਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਪੁਲਿਸ ਦੀ ਨਾਕਾਬੰਦੀ ’ਤੇ ਚੈਕਿੰਗ ਦੌਰਾਨ ਅਸ਼ੋਕਾ ਲੇਲੈਂਡ ਦੇ ਕੈਂਟਰ ਵਿੱਚੋਂ ਇਹ ਅਫੀਮ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਵਿੱਚ ਇੱਕ ਤ੍ਰਿਪੁਰਾ ਦੀ ਔਰਤ ਸ਼ਾਮਲ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਟੀਮ ਨੇ ਜਦੋਂ ਕੈਂਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਬਬਲੀ ਸਿੰਘ ਤੇ ਉਸ ਦੇ ਨਾਲ ਬੈਠੀ ਔਰਤ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਔਰਤ ਰੀਨਾ ਦਾਸ ਤ੍ਰਿਪੁਰਾ ਦੀ ਰਹਿਣ ਵਾਲੀ ਸੀ। ਸ਼ੱਕ ਪੈਣ ’ਤੇ ਜਦੋਂ ਦੋਵਾਂ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਪਿਛਲੇ ਪਾਸੇ ਕਾਲੇ ਰੰਗ ਦੇ ਵਜ਼ਨਦਾਰ ਬੈਗ ਵਿੱਚੋਂ 7 ਕਿਲੋ ਅਫੀਮ ਬਰਾਮਦ ਹੋਈ। ਔਰਤ ਰੀਨਾ ਦਾਸ ਦੇ ਅਟੈਚੀ ਵਿੱਚੋਂ ਵੀ 8 ਕਿਲੋ ਅਫੀਮ ਮਿਲੀ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਅਸਾਮ ਤੋਂ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ। ਹੋਰ ਪੁੱਛਗਿਛ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।