ਜੈਪੁਰ: ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਕੇ ਵਿਵਾਦ ਖੱਟਣ ਵਾਲੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਉਸ ਦੇ ਭਾਰਤ ਨਾਲ ਰਿਸ਼ਤੇ ਸੁਧਰਨਗੇ। ਇੰਨਾ ਹੀ ਨਹੀਂ ਸਿੱਧੂ ਨੇ ਬੀਜੇਪੀ ਦੇ ਪ੍ਰਧਾਨ ਮੰਤਰੀਆਂ ਦੀਆਂ ਪਾਕਿਸਤਾਨ ਫੇਰੀਆਂ ਤੋਂ ਬਾਅਦ ਹੋਏ ਅੱਤਵਾਦੀ ਹਮਲਿਆਂ ਦੀ ਆਪਣੇ ਪਾਕਿਸਤਾਨ ਦੇ ਦੌਰੇ ਨਾਲ ਤੁਲਨਾ ਵੀ ਕੀਤੀ।


ਰਾਜਸਥਾਨ ਦੇ ਅਜਮੇਰ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਿੱਧੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਜਦ ਪਾਕਿਸਤਾਨ ਜਾ ਕੇ ਵਾਪਸ ਆਏ ਤਾਂ ਕਾਰਗਿਲ ਦੀ ਜੰਗ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦ ਪਾਕਿਸਤਾਨ ਤੋਂ ਵਾਪਸ ਆਏ ਤਾਂ ਪਠਾਨਕੋਟ ਵਿੱਚ ਅੱਤਵਾਦੀ ਹਮਲਾ ਹੋ ਗਿਆ ਸੀ ਪਰ ਜਦ ਮੈਂ ਵਾਪਸ ਆਇਆ ਤਾਂ ਵਿਵਾਦ ਹੋਇਆ ਤਾਂ ਮੇਰੇ ਦੋਸਤ ਦਾ ਸੁਨੇਹਾ ਆਇਆ ਕਿ ਅਸੀਂ ਸ਼ਾਂਤੀ ਅੱਗੇ ਵਧਾਉਣਾ ਚਾਹੁੰਦੇ ਹਾਂ, ਤੁਸੀਂ ਇੱਕ ਕਦਮ ਵਧੋ ਤੇ ਅਸੀਂ ਦੋ ਕਦਮ ਵਧਦੇ ਹਾਂ।

ਅਜਮੇਰ ਵਿੱਚ ਯੂਥ ਕਾਂਗਰਸ ਵੱਲੋਂ ਕਰਵਾਏ, 'ਸੋਚ ਸੇ ਸੋਚ ਕੀ ਲੜਾਈ' ਪ੍ਰੋਗਰਾਮ ਵਿੱਚ ਇੱਕ ਸਵਾਲ ਦੇ ਜਵਾਬ ਦੌਰਾਨ ਸਿੱਧੂ ਨੇ ਕਿਹਾ ਕਿ ਖਿਡਾਰੀ ਰੁਕਾਵਟਾਂ ਤੋੜ ਦੇ ਹਨ ਤੇ ਚਾਹੇ ਖਿਡਾਰੀ ਹੋਵੇ ਜਾਂ ਕਲਾਕਾਰ, ਉਹ ਪਿਆਰ ਦਾ ਸੁਵੇਹਾ ਦੇ ਕੇ ਲੋਕਾਂ ਨੂੰ ਨੇੜੇ ਲਿਆਉਣ ਦਾ ਕੰਮ ਕਰਦੇ ਹਨ। ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੱਲਬਾਤ ਤੇ ਦੁਵੱਲਾ ਸੰਵਾਦ ਹੀ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਦਾ ਇੱਕੋ-ਇੱਕ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਖੂਨ ਡੋਲ੍ਹ ਕੇ ਕੁਝ ਵੀ ਹਾਸਲ ਨਹੀਂ ਹੁੰਦਾ, ਇਸ ਨਾਲ ਸਿਰਫ਼ ਕੁੜੱਤਣ ਵਧਦੀ ਹੈ।