ਚੰਡੀਗੜ੍ਹ: ਪੰਜਾਬ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਚੁਰਾਸੀ ਕਤਲੇਆਮ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਚੁਰਾਸੀ ਕਤਲੇਆਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਈ ਥਾਵਾਂ 'ਤੇ ਕਾਂਗਰਸੀ ਲੀਡਰਾਂ ਜਗਦੀਸ਼ ਟਾਈਟਲਰ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਗਏ। ਉੱਧਰ, ਆਮ ਆਦਮੀ ਪਾਰਟੀ ਨੇ ਮੁਹਾਲੀ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਇਹ ਕਤਲੇਆਮ ਕਾਂਗਰਸ ਸਰਕਾਰ ਨੇ ਕਰਵਾਇਆ ਸੀ ਤੇ ਅੱਜ ਵੀ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਕਿਹਾ ਹੈ ਕਿ ਅਕਾਲੀ ਦਲ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਹੱਥਕੰਡੇ ਵਰਤ ਰਿਹਾ ਹੈ। ਕਾਂਗਰਸ ਨੇ ਸਵਾਲ ਕੀਤਾ ਕਿ ਇਸ ਵੇਲੇ ਕੇਂਦਰ ਵਿੱਚ ਅਕਾਲੀ ਦਲ ਦੀ ਭਾਲੀਵਾਲ ਸਰਕਾਰ ਹੈ। ਇਸ ਲਈ ਇਨਸਾਫ ਅਕਾਲੀ ਦਲ ਨੇ ਦੇਣਾ ਹੈ ਕਾਂਗਰਸ ਨੇ ਨਹੀਂ। ਅਕਾਲੀ ਦਲ ਨੇ ਕਿਹਾ ਹੈ ਕਿ 32 ਸਾਲ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ। ਇਸ ਲਈ ਹੀ ਇੰਨੀ ਦੇਰ ਬਾਅਦ ਇਨਸਾਫ ਨਹੀਂ ਮਿਲਿਆ। ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿੱਚ ਕਈ ਵਾਰ ਐਨ.ਡੀ.ਏ. ਸਰਕਾਰ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਖੁਦ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਫਿਰ ਵੀ ਉਹ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਦਵਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚੋਣਾਂ ਵਿੱਚ ਇਸ ਮੁੱਦੇ ਨੂੰ ਉਛਾਲ ਕੇ ਵੋਟਾਂ ਬਟੋਰਨਾ ਚਾਹੁੰਦਾ ਹੈ।