ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਥੇ ਅੱਜ ਤਿੰਨ ਹੋਰ ਜਣੇ ਕੋਰੋਨਾ ਪੌਜ਼ੇਟਿਵ ਜਾਂਚੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਡਾਕਟਰ ਹਨ।

ਕੋਰੋਨਾ ਪੀੜਤ ਪਾਏ ਗਏ ਦੋਵੇਂ ਡਾਕਟਰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਡਾਕਟਰਾਂ ਤੋਂ ਇਲਾਵਾ ਹਸਪਤਾਲ ਦੇ ਮੈਡੀਕਲ ਅਮਲੇ ਦਾ ਇੱਕ ਮੈਂਬਰ ਵੀ ਕੋਵਿਡ-19 ਪੌਜ਼ਿਟਿਵ ਪਾਇਆ ਗਿਆ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ ਹੁਣ ਕੋਰੋਨਾ ਦੇ 39 ਮਾਮਲੇ ਹੋ ਚੁੱਕੇ ਹਨ। ਉਕਤ ਮਾਮਲੇ ਚੰਡੀਗੜ੍ਹ ਦੇ ਬਾਪੂ ਧਾਮ ਕਾਲੋਨੀ ਦੇ ਵਾਸੀ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਹਮਣੇ ਆਏ ਹਨ। ਇਹ ਵਿਅਕਤੀ ਹਸਪਤਾਲ ਦਾ ਕਰਮਚਾਰੀ ਹੈ ਤੇ ਇਸ ਦੀ ਕੋਰੋਨਾ ਜਾਂਚ ਵੀ ਪੌਜ਼ੇਟਿਵ ਆਈ ਸੀ।