ਰੌਬਟ
ਚੰਡੀਗੜ੍ਹ: ਅਫ਼ਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ 'ਚ ਬੀਤੇ ਦਿਹਾੜੇ ਹੋਏ ਬੰਬ ਧਮਾਕੇ 'ਚ ਲੁਧਿਆਣਾ ਦੇ ਦੋ ਲੋਕਾਂ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਸ਼ਖ਼ਸ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਵੀ ਹੋਇਆ ਹੈ।



ਮ੍ਰਿਤਕਾਂ ਦੀ ਪਛਾਣ 42 ਸਾਲਾ ਸ਼ੰਕਰ ਸਿੰਘ, ਵਾਸੀ ਛਾਉਣੀ ਮੁਹੱਲਾ ਤੇ 48 ਸਾਲਾ ਜੀਵਨ ਸਿੰਘ ਵਾਸੀ ਕਾਰਾਬਾਰਾ ਵਜੋਂ ਹੋਈ ਹੈ। ਜ਼ਖਮੀ ਵਿਅਕਤੀ ਨਿਊ ਕੁੰਦਨਪੁਰੀ ਦਾ ਰਹਿਣ ਵਾਲਾ ਮਾਨ ਸਿੰਘ ਹੈ। ਮ੍ਰਿਤਕ ਸ਼ੰਕਰ ਸਿੰਘ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨੇ ਲੋਕ ਗਰੀਬ ਪਰਿਵਾਰਾਂ ਨਾਲ ਸੰਬਧ ਰੱਖਦੇ ਹਨ। ਉਹ ਕਾਬੁਲ ਵਿੱਚ ਹੀ ਪੈਦਾ ਹੋਏ ਸਨ।



ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਫਗਾਨਿਸਤਾਨ ਵਿੱਚ ਤਾਲਿਬਾਨੀ ਹਮਲਿਆਂ ਤੋਂ ਬਾਅਦ ਲੁਧਿਆਣਾ ਵਿੱਚ ਆ ਕੇ ਰਹਿਣ ਲੱਗ ਗਿਆ ਸੀ ਪਰ ਇੱਥੇ ਕੰਮਕਾਜ ਨਹੀਂ ਚੱਲਿਆ ਤਾਂ ਕੁਝ ਸਾਲ ਪਹਿਲਾਂ 12 ਲੋਕ ਕਾਬੁਲ ਚਲੇ ਗਏ। ਉਹ ਉੱਥੇ ਕੱਪੜੇ ਦਾ ਕੰਮ ਕਰਦੇ ਸਨ। ਸਾਲ ਵਿੱਚ ਇੱਕ ਵਾਰ ਲੁਧਿਆਣਾ ਆਉਂਦੇ ਸਨ ਤੇ ਦੋ ਮਹੀਨੇ ਠਹਿਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਸਨ। ਉਹ ਕਾਬੁਲ ਦੇ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਹੀ ਠਹਿਰੇ ਹੋਏ ਸਨ।



ਸ਼ੰਕਰ ਸਿੰਘ ਆਪਣੀ ਪਤਨੀ ਕੀਮਤੀ ਕੌਰ ਨਾਲ ਕਾਬੁਲ ਰੁਕਿਆ ਹੋਇਆ ਸੀ। ਉਸ ਦੀਆਂ ਤਿੰਨ ਧੀਆਂ ਤੇ ਤਿੰਨ ਬੇਟੇ ਇਥੇ ਉਸ ਦੀ ਨਾਨੀ ਦੇ ਕੋਲ ਰਹਿ ਰਹੇ ਹਨ। ਸ਼ੰਕਰ ਡੇਢ ਸਾਲ ਪਹਿਲਾਂ ਹੀ ਉੱਥੇ ਗਿਆ ਸੀ। ਕੀਮਤੀ ਕੌਰ ਇੱਕ ਮਹੀਨਾ ਪਹਿਲਾਂ ਹੀ ਬੱਚਿਆਂ ਨੂੰ ਮਿਲ ਕੀ ਗਈ ਸੀ। ਕੀਮਤੀ ਕੌਰ ਧਮਾਕੇ ਵੇਲੇ ਖਾਣਾ ਪਕਾ ਰਹੀ ਸੀ। ਸ਼ੰਕਰ ਇਹ ਕਹਿ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਕਿ ਉਹ ਜਲਦੀ ਵਾਪਸ ਆ ਜਾਵੇਗਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਅੱਤਵਾਦੀ ਨੇ ਵਿਸਫੋਟ ਕੀਤਾ ਤੇ ਸ਼ੰਕਰ ਦੀ ਮੌਕੇ 'ਤੇ ਹੀ ਮੌਤ ਹੋ ਗਈ।



ਕਾਰਾਬਾਰਾ ਦਾ ਰਹਿਣ ਵਾਲਾ ਜੀਵਨ ਸਿੰਘ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ। ਲੁਧਿਆਣਾ ਵਿੱਚ ਉਹ ਆਟੋ ਰਿਕਸ਼ਾ ਚਲਾਉਂਦਾ ਸੀ ਪਰ ਜਦੋਂ ਕੰਮ ਨਾ ਚੱਲਿਆ ਤਾਂ ਕਾਬੁਲ ਚਲਾ ਗਿਆ। ਹਾਲੇ ਇੱਕ ਮਹੀਨਾ ਪਹਿਲਾਂ ਹੀ ਉਹ ਆਪਣੀ ਵੱਡੀ ਧੀ ਦੀ ਮੰਗਣੀ ਕਰਵਾ ਕਿ ਗਿਆ ਸੀ। ਉਸ ਨੇ ਅਗਲੀ ਯਾਤਰਾ ਵਿੱਚ ਉਸ ਨਾਲ ਵਿਆਹ ਕਰਾਉਣ ਦਾ ਇਰਾਦਾ ਬਣਾਇਆ ਸੀ, ਪਰ ਉਹ ਧਮਾਕੇ ਵੇਲੇ ਬੁੱਧਵਾਰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਹੀ ਸੀ। ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।



ਹਾਦਸੇ ਵਿੱਚ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮਾਨ ਸਿੰਘ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ।